ਸਿਵਲ ਹਸਪਤਾਲ ਨੂੰ ਮਿਲੇ 20 ਹੋਰ ਆਕਸੀਜਨ ਕਨਸਨਟਰੇਟਰਜ਼ – ਡਿਪਟੀ ਕਮਿਸ਼ਨਰ

ਕੰਨਸਨਟਰੇਟਰ

ਕਿਹਾ, ਇਹ ਆਕਸੀਜਨ ਕਨਸਨਟਰੇਟਰਜ਼ ਕੋਵਿਡ ਪ੍ਰਬੰਧਨ ਬੁਨਿਆਦੀ ਢਾਂਚੇ ਦੇ ਵਾਧੇ ਵਿੱਚ ਹੋਣਗੇ ਮਦਦਗਾਰ
ਜਲੰਧਰ 8 ਮਈ (ਜਸਵਿੰਦਰ ਸਿੰਘ ਆਜ਼ਾਦ)- 20 ਆਕਸੀਜਨ ਕਨਸਨਟ੍ਰੇਟਰਜ਼ ਦਾ ਬਾਕੀ ਰਹਿੰਦਾ ਅਲਾਟ ਅੱਜ ਜਲੰਧਰ ਵਿਖੇ ਪਹੁੰਚ ਗਿਆ, ਜਿਸ ਨੂੰ ਕੋਵਿਡ-19 ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਸਿਵਲ ਹਸਪਤਾਲ ਨੂੰ ਸੌਂਪ ਦਿੱਤਾ ਗਿਆ। ਕੁਝ ਦਿਨ ਪਹਿਲਾਂ ਜ਼ਿਲਾ ਪ੍ਰਸ਼ਾਸਨ ਨੂੰ 10 ਆਕਸੀਜਨ ਕਨਸਨਟਰੇਟਰਜ਼ ਪ੍ਰਾਪਤ ਹੋਏ ਸਨ ਅਤੇ ਹੁਣ 20 ਹੋਰ ਆਕਸੀਜਨ ਕਨਸਨਟਰੇਟਰਜ਼ ਦੇ ਪਹੁੰਚ ਜਾਣ ਨਾਲ ਪ੍ਰਸਾਸ਼ਨ ਵਲੋਂ ਕੁੱਲ 30 ਆਕਸੀਜਨ ਕੰਨਸਨਟਰੇਟਰਜ਼ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਗੈਰ ਸਰਕਾਰੀ ਸੰਸਥਾ ਗਿੱਲ ਫਾਊਂਡੇਸ਼ਨ ਵਲੋਂ ਰੈਡ ਕਰਾਸ ਸੁਸਾਇਟੀ ਨੂੰ ਕੋਵਿਡ-19 ਮਹਾਂਮਾਰੀ ਖਿਲਾਫ਼ ਚੱਲ ਰਹੀ ਲੜਾਈ ਵਿੱਚ ਯੋਗਦਾਨ ਪਾਇਆ ਗਿਆ ਹੈ। ਉਨਾਂ ਕਿਹਾ ਕਿ ਇਨਾਂ ਫੰਡਾਂ ਦੀ ਵਰਤੋਂ ਕੋਵਿਡ-19 ਦੇ ਮਰੀਜ਼ਾਂ ਲਈ ਆਕਸੀਜਨ ਕਨਸਨਟਰੇਟਰ ਖਰੀਦ ਕਰਕੇ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਆਕਸੀਜਨ ਕਨਸਨਟਰੇਟਰਜ਼ ਸਿਵਲ ਹਸਪਤਾਲ ਵਿਖੇ ਆਕਸੀਜਨ ਦੀ ਮੰਗ ਨੂੰ ਘੱਟ ਕਰਨਗੇ ਅਤੇ ਬਚੀ ਹੋਈ ਆਕਸੀਜਨ ਗੈਸ ਹੋਰਨਾਂ ਕੋਵਿਡ ਕੇਅਰ ਸੰਸਥਾਵਾਂ ਨੂੰ ਤਬਦੀਲ ਕੀਤੀ ਜਾਵੇਗੀ। ਇਸ ਮੌਕੇ ਗਿੱਲ ਫਾਊਂਡੇਸ਼ਨ ਦੇ ਪੈਟਰਨ ਸ੍ਰੀ ਰਾਜ ਗਿੱਲ ਵਲੋਂ ਮਾਨਵਤਾ ਦੀ ਸੇਵਾ ਲਈ ਕੀਤੇ ਗਏ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਨਾਂ ਹੋਰਨਾਂ ਹਸਪਤਾਲਾਂ ਨੂੰ ਵੀ ਅਪੀਲ ਕੀਤੀ ਕਿ ਆਕਸੀਜਨ ਕਨਸਨਟਰੇਟਰਜ਼ ਅਤੇ ਪੀ.ਐਸ.ਏ. ਅਧਾਰਿਤ ਪਲਾਂਟ ਖਰੀਦੇ ਜਾਣ ਤਾਂ ਜੋ ਆਕਸੀਜਨ ਦੀ ਕਮੀ ਦਾ ਅਸਰਦਾਰ ਢੰਗ ਨਾਲ ਟਾਕਰਾ ਕੀਤਾ ਜਾ ਸਕੇ।
ਉਨਾਂ ਜ਼ਿਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਕੋਵਿਡ ਵਾਇਰਸ ਦੀ ਕੜੀ ਨੂੰ ਤੋੜਨ ਲਈ ਕੋਵਿਡ ਪ੍ਰੋਟੋਕਾਲ ਜਿਵੇਂ ਕਿ ਸਮਾਜਿਕ ਦੂਰੀ, ਮਾਸਕ ਪਾਉਣਾ ਅਤੇ ਹੱਥਾਂ ਨੂੰ ਧੌਣਾ ਆਦਿ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।