ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਨਵੀਂ ਸੀ.ਟੀ.ਸਕੈਨ ਮਸ਼ੀਨ ਚਾਲੂ ਨਾ ਹੋਣ ਕਾਰਣ ਮਰੀਜ਼ ਸਹੂਲਤ ਤੋਂ ਵਾਂਝੇ

  • By admin
  • June 23, 2022
  • 0
ਸਿਵਲ ਹਸਪਤਾਲ

“ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.” ਨਾਲ ਸੰਬੰਧਿਤ ਪੱਤਰਕਾਰਾਂ ਦੇ ਵਫਦ ਵਲੋਂ ਸਿਹਤ ਅਧਿਕਾਰੀਆਂ ਕੋਲ ਉਠਾਇਆ ਮਾਮਲਾ
ਹੁਸ਼ਿਆਰਪੁਰ 22 ਜੂਨ (ਤਰਸੇਮ ਦੀਵਾਨਾ)- ਸ਼ੁਰੂ ਤੋਂ ਹੀ ਵਿਵਾਦਾਂ `ਚ ਘਿਰੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ `ਚ ਸੀ.ਟੀ.ਸਕੈਨ ਮਸ਼ੀਨ ਸਥਾਪਿਤ ਨਾ ਹੋਣ ਦਾ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ।ਇਸ ਤੋਂ ਪਹਿਲਾਂ ਵੀ ਸਿਹਤ ਵਿਭਾਗ ਨਾਲ ਸਬੰਧਤ ਕੁੱਝ ਅਧਿਕਾਰੀਆਂ ਵਲੋਂ ਅੜਚਨਾਂ ਡਾਹ ਕੇ ਮਨਜੂਰੀ ਨਾ ਦੇਣ ਕਾਰਣ ਬਹੁਕਰੋੜੀ ਸੀਟੀ ਸਕੈਨ ਮਸ਼ੀਨ ਵਾਪਿਸ ਭੇਜ ਦਿੱਤੀ ਗਈ। ਪ੍ਰੰਤੂ ਇਹ ਲੋਕ ਹਿੱਤ ਮੁੱਦਾ ਮੀਡੀਆ ਵਿੱਚ ਆ ਜਾਣ ਦੇ ਬਾਅਦ ਕਈ ਸੰਸਥਾਵਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ। ਜਿਸ ਦੇ ਸਿੱਟੇ ਵੱਜੋਂ ਹੁਣ 6 ਜੂਨ 2022 ਨੂੰ ਇਹ ਸੀ.ਟੀ.ਸਕੈਨ ਮਸ਼ੀਨ ਮੁੜ ਤੋਂ ਹਸਪਤਾਲ ਵਿਖੇ ਸਥਾਪਿਤ ਤਾਂ ਕਰ ਦਿੱਤੀ ਗਈ ਹੈ ਪਰ ਅਜੇ ਤੱਕ ਚਾਲੂ ਨਹੀਂ ਕੀਤੀ ਗਈ। ਹਸਪਤਾਲ ਪ੍ਰਸਾਸ਼ਨ ਵਲੋਂ ਲੋਕ ਹਿੱਤ ਨਾਲ ਸੰਬੰਧਿਤ ਇਸ ਮਾਮਲੇ ਨੂੰ ਲਮਕਾਉਣ ਨਾਲ ਗਰੀਬ ਤੇ ਮੱਧ ਵਰਗੀ ਲੋਕਾਂ ਨੂੰ ਇਲਾਜ ਦੇ ਪੱਖ ਤੋਂ ਮਿਲਣ ਵਾਲੀ ਸਹੂਲਤ ਤੋਂ ਵਾਂਝਿਆਂ ਰਹਿਣਾ ਪੈ ਰਿਹਾ ਹੈ।ਜਿਸ ਦੇ ਸਬੰਧ ਵਿੱਚ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ 6 ਜੂਨ 2022 ਨੂੰ ਆਈ ਇਸ ਮਸ਼ੀਨ ਦੇ ਵੀ ਚਾਲੂ ਨਾ ਹੋਣ ਦੇ ਸਬੰੰਧ ਵਿੱਚ “ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.” ਨਾਲ ਸੰਬੰਧਿਤ ਪੱਤਰਕਾਰਾਂ ਦੇ ਵਫਦ ਵਲੋਂ ਸਿਵਲ ਹਸਪਤਾਲ ਦਾ ਦੌਰਾ ਕਰਨ ਤੇ ਵੇਖਿਆ ਗਿਆ ਕਿ ਮਸ਼ੀਨ ਸਥਾਪਿਤ ਕਰਨ ਦੇ ਬਾਵਜੂਦ ਚਾਲੂ ਹਾਲਤ ਵਿੱਚ ਨਹੀਂ ਹੈ। ਜਿਸ ਦੇ ਸਬੰਧ ਵਿੱਚ ਪੱਤਰਕਾਰਾਂ ਦਾ ਵਫਦ ਕਾਰਜਕਾਰੀ ਸਿਵਲ ਸਰਜਨ ਡਾ: ਪਵਨ ਕੁਮਾਰ ਸੰਗੋਤਰਾ ਨੂੰ ਮਿਲਣ ਲਈ ਉਨ੍ਹਾਂ ਦੇ ਦਫਤਰ ਗਿਆ, ਜਿੱਥੇ ਪਹਿਲਾਂ ਹੀ ਐੱਸ ਐੱਮ ਓ ਡਾ: ਸਵਾਤੀ ਮੌਜੂਦ ਸਨ। ਉਨ੍ਹਾਂ ਨੂੰ ਇਸ ਨਵੀਂ ਆਈ ਸੀ.ਟੀ.ਸਕੈਨ ਮਸ਼ੀਨ ਦੇ ਚਾਲੂ ਨਾ ਹੋਣ ਸਬੰਧੀ ਪੁਛਿਆ ਗਿਆ ਤਾਂ ਉਨ੍ਹਾਂ ਨੇ ਡਾ: ਰਾਜ ਕੁਮਾਰ ਬੱਧਣ ਨੂੰ ਸੱਦ ਕੇ ਸਥਿਤੀ ਦੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ। ਫਿਰ ਉਨਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਸਾਰੀ ਦਫਤਰੀ ਕਾਰਵਾਈ ਮੁਕੰੰਮਲ ਕਰ ਲਈ ਗਈ ਹੈ। ਪਰ ਇਸ ਮਸ਼ੀਨ ਨੂੰ ਚਲਾਉਣ ਲਈ ਜਿਸ ਕੰਪਨੀ ਵਲੋਂ ਇਹ ਮਸ਼ੀਨ ਭੇਜੀ ਗਈ ਹੈ ਉਸ ਕੰਪਨੀ ਨੇ ਇਸ ਮਸ਼ੀਨ ਨਾਲ ਸਬੰਧ ਕੁੱਝ ਲੋੜੀਦੇ ਕਾਗਜਾਤ ਪੂਰੇ ਨਹੀਂ ਕੀਤੇ ਅਤੇ ਨਾ ਹੀ ਇਸ ਮਸ਼ੀਨ ਨੂੰ ਚਲਾਉਣ ਲਈ ਤਜੁਰਬੇਕਾਰ ਰੈਡੀਆਲੋਜਿਸਟ ਡਾਕਟਰ ਅਤੇ ਹੋਰ ਸਟਾਫ ਦੀ ਨਿਯੁਕਤੀ ਕੀਤੀ ਗਹੈ, ਜਿਸ ਕਰਕੇ ਇਹ ਮਸ਼ੀਨ ਅਜੇ ਤੱਕ ਚਾਲੂ ਨਹੀਂ ਹੋ ਸਕੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਉਨਾਂ ਚਿਰ ਇਹ ਮਸ਼ੀਨ ਨਹੀਂ ਚਲਾ ਸਕਦੇ ਜਿੰੰਨਾ ਚਿਰ ਸਬੰਧਤ ਕੰਪਨੀ ਵਲੋਂ ਲੋੜੀਂਦਾ ਰਿਕਾਰਡ ਅਤੇ ਰੈਡੀਆਲੋਜਿਸਟ ਡਾਕਟਰ ਦੀ ਨਿਯੁਕਤੀ ਨਹੀਂ ਕੀਤੀ ਜਾਂਦੀ। ਸਮਝੌਤੇ ਮੁਤਾਬਿਕ ਸਾਰੀ ਜਿੰੰਮੇਵਾਰੀ ਸਬੰਧਤ ਕੰਪਨੀ ਦੀ ਹੈ। ਇਸ ਸਬੰਧ ਵਿੱਚ ਮਸ਼ੀਨ ਭੇਜਣ ਵਾਲੀ ਕੰਪਨੀ ਦੇ ਕਲਸਟਰ ਹੈਡ ਅੰਕੁਰ ਰੌਇਲ ਨੂੰ ਟੈਲੀਫੋਨ ਤੇ ਪੁੱਛਿਆ ਗਿਆ ਤਾਂ ਉਨ੍ਹਾਂ ਇੱਕ ਹਫਤੇ ਤੱਕ ਮਸ਼ੀਨ ਨਾਲ ਸਬੰਧਤ ਕਾਗਜੀ ਰਿਕਾਰਡ ਅਤੇ ਰੈਡੀਆਲੋਜਿਸਟ ਡਾਕਟਰ ਦੀ ਨਿਯੁਕਤੀ ਕਰਕੇ ਮਸ਼ੀਨ ਚਾਲੂ ਕਰਨ ਦਾ ਭਰੋਸਾ ਦਿੱਤਾ।
ਜਿਕਰਯੋਗ ਹੈ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ `ਚ ਹਜ਼ਾਰਾਂ ਮਰੀਜ਼ ਇਲਾਜ ਲਈ ਆਉਂਦੇ ਹਨ ਪਰ ਸਰਕਾਰੀ ਹਸਪਤਾਲਾਂ `ਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਮਹਿੰਗੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ `ਚ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਕੁਝ ਮੁਲਾਜ਼ਮਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਡਾਕਟਰਾਂ ਨੂੰ ਪ੍ਰਾਈਵੇਟ ਸਕੈਨ ਸੈਂਟਰਾਂ ‘ਚ ਮਰੀਜ਼ਾਂ ਨੂੰ ਭੇਜਣ ’ਤੇ ਮੋਟਾ ਕਮਿਸ਼ਨ ਮਿਲਦਾ ਹੈ, ਜਿਸ ਕਾਰਨ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ’ਚ ਮਸ਼ੀਨਾਂ ਲਾਉਣ ’ਚ ਢਿੱਲ ਵਰਤੀ ਜਾ ਰਹੀ ਹੈ
6 ਜੂਨ ਦੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਨਵੀਂ ਆਈ ਸੀ.ਟੀ.ਸਕੈਨ ਮਸ਼ੀਨ ਦੇ ਚਾਲੂ ਨਾ ਹੋਣ ਕਰਕੇ ਗੀਰਬ ਤੇ ਮੱਧ ਵਰਗੀ ਲੋਕ ਸਹੂਲਤ ਤੋਂ ਵਾਂਝੇ ਹਨ।

Leave a Reply

Your email address will not be published. Required fields are marked *