ਐੱਸਐੱਸਪੀ ਦੇ ਪੁਤਲੇ ਨੇ ਬੇਗਮਪੁਰਾ ਟਾਈਗਰ ਫੋਰਸ ਕੀਤੀ ਦੋਫਾੜ

  • By admin
  • August 30, 2022
  • 0
ਬੇਗਮਪੁਰਾ ਟਾਈਗਰ ਫੋਰਸ

ਚੇਅਰਮੈਨ ਦੇ ਅਸਤੀਫੇ ਨੂੰ ਲੈ ਕੇ ਦੋਵੇਂ ਧਿਰਾਂ ਹੋਈਆਂ ਆਹਮੋ ਸਾਹਮਣੇ

ਹੁਸ਼ਿਆਰਪੁਰ 30 ਅਗਸਤ (ਤਰਸੇਮ ਦੀਵਾਨਾ)- ਸਮਾਜਿਕ ਤੇ ਰਾਜਨੀਤਕ ਮਾਮਲਿਆਂ ਵਿਚ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਬੇਗਮਪੁਰਾ ਟਾਈਗਰ ਫੋਰਸ ਐੱਸਐੱਸਪੀ ਦਾ ਪੁਤਲਾ ਫੂਕਣ ਨੂੰ ਲੈ ਕੇ ਦੋਫਾੜ ਹੋ ਗਈ।ਦੋਵੇਂ ਧਿਰਾਂ ਵਿੱਚ ਮਾਮਲਾ ਏਨਾ ਤੂਲ ਫੜ ਗਿਆ ਕਿ ਚੇਅਰਮੈਨ ਤਰਸੇਮ ਦੀਵਾਨਾ ਦੇ ਅਸਤੀਫੇ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਅਤੇ ਵੱਖੋ ਵੱਖਰੀਆਂ ਪ੍ਰੈਸ ਕਾਨਫ਼ਰੰਸਾਂ ਕਰਕੇ ਦੋਵਾਂ ਧਿਰਾਂ ਨੇ ਤਾਬੜਤੋੜ ਇਲਜ਼ਾਮਤਰਾਸ਼ੀ ਕਰਨੀ ਸ਼ੁਰੂ ਕਰ ਦਿੱਤੀ।ਸਭ ਤੋਂ ਪਹਿਲਾਂ ਬੇਗਮਪੁਰਾ ਟਾਈਗਰ ਫੋਰਸ ਦੇ ਤਾਰਾ ਚੰਦ ਧੜੇ ਵੱਲੋਂ ਸਥਾਨਕ ਪ੍ਰੈਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਚੇਅਰਮੈਨ ਤਰਸੇਮ ਦੀਵਾਨਾ ਦੇ ਅਸਤੀਫੇ ਨੂੰ ਲੈ ਕੇ ਮਨਮਾਨੀਆਂ ਕਰਨ ਦੇ ਦੋਸ਼ ਲਾਉਂਦਿਆਂ ਇਲਜ਼ਾਮਾਂ ਦੀ ਝੜੀ ਲਗਾ ਦਿੱਤੀ।

ਇਸ ਪ੍ਰੈੱਸ ਕਾਨਫ਼ਰੰਸ ਵਿਚ ਆਪਣੇ ਆਪ ਨੂੰ ਚੇਅਰਮੈਨ ਦੱਸਦੇ ਬਿੱਲਾ ਦਿਓਵਾਲ ਅਤੇ ਤਾਰਾ ਚੰਦ ਪੰਜਾਬ ਪ੍ਰਧਾਨ ਨੇ ਕਿਹਾ ਕਿ ਫੋਰਸ ਕੋਲ ਆਏ ਇਕ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪੁਲੀਸ ਮੁਖੀ ਦਾ ਪੁਤਲਾ ਸਾੜਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਜਿਸ ‘ਤੇ ਤਰਸੇਮ ਦੀਵਾਨਾ ਚੇਅਰਮੈਨ ਨੇ ਆਪਣੀ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਦਾ ਆਪਸ ਵਿੱਚ ਕਾਫੀ ਬੋਲ ਬੁਲਾਰਾ ਹੋਇਆ।ਪ੍ਰੰਤੂ ਸਬੰਧਤ ਧਿਰ ਨੂੰ ਇਨਸਾਫ਼ ਦਿਵਾਉਣ ਲਈ ਬੇਗਮਪੁਰਾ ਟਾਈਗਰ ਫੋਰਸ ਨੇ ਤਰਸੇਮ ਦੀਵਾਨਾ ਵੱਲੋਂ ਇਤਰਾਜ਼ ਨੂੰ ਦਰਕਿਨਾਰ ਕਰਕੇ ਜ਼ਿਲ੍ਹਾ ਪੁਲੀਸ ਮੁਖੀ ਦਾ ਪੁਤਲਾ ਸਾੜ ਦਿੱਤਾ।

ਜਿਸ ਤੋਂ ਨਾਰਾਜ਼ ਹੋ ਕੇ ਤਰਸੇਮ ਦੀਵਾਨਾ ਨੇ ਚੇਅਰਮੈਨੀ ਤੋਂ ਆਪਣਾ ਅਸਤੀਫਾ ਵ੍ਹੱਟਸਐਪ ਗਰੁੱਪ ਵਿੱਚ ਪਾ ਦਿੱਤਾ।ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਅਤੇ ਹੁਣ ਤਰਸੇਮ ਦੀਵਾਨਾ ਦਾ ਬੇਗਮਪੁਰਾ ਟਾਈਗਰ ਫੋਰਸ ਨਾਲ ਕੋਈ ਸਬੰਧ ਨਹੀਂ ਹੈ।ਸਥਾਨਕ ਪ੍ਰੈਸ ਕਲੱਬ ਵਿੱਚ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਵਿੱਚ ਤਾਰਾ ਚੰਦ ਪੰਜਾਬ ਪ੍ਰਧਾਨ ਅਤੇ ਬਿੱਲਾ ਦਿਓਵਾਲ ਕੌਮੀ ਚੇਅਰਮੈਨ ਦੇ ਨਾਲ ਅਸ਼ੋਕ ਸੱਲਣ ਕੌਮੀ ਪ੍ਰਧਾਨ,ਅਮਰਜੀਤ ਸੰਧੀ ਦੁਆਬਾ ਇੰਚਾਰਜ ਆਦਿ ਹਾਜ਼ਰ ਸਨ।

ਬੇਗਮਪੁਰਾ ਟਾਈਗਰ ਫੋਰਸ

ਬੇਗਮਪੁਰਾ ਟਾਈਗਰ ਫੋਰਸ ਦੇ ਮਾਲਕ ਕੇਵਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ- ਤਰਸੇਮ ਦੀਵਾਨਾ

ਇਸ ਤੋਂ ਬਾਅਦ ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਥਾਨਕ ਹੋਟਲ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਦੇ ਮਾਲਿਕ, ਸੰਸਥਾਪਕ ਅਤੇ ਰਚਨਹਾਰ ਕੇਵਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਹਨ ਅਤੇ ਉਨ੍ਹਾਂ ਦੇ ਅਸ਼ੀਰਵਾਦ ਨਾਲ ਹੀ ਬੇਗਮਪੁਰਾ ਟਾਈਗਰ ਫੋਰਸ ਦੇ ਸਾਰੇ ਕੰਮ ਹੋ ਰਹੇ ਹਨ। ਚੇਅਰਮੈਨ ਤਰਸੇਮ ਦੀਵਾਨਾ ਨੇ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਹਮੇਸ਼ਾਂ ਤੋਂ ਹੀ ਦਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੀ ਆ ਰਹੀ ਹੈ।

ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਬੇਗਮਪੁਰਾ ਟਾਈਗਰ ਫੋਰਸ ਵਿੱਚ ਅਹੁਦੇਦਾਰ ਰਹੇ ਕੁਝ ਲੋਕ ਆਪਣੀਆਂ ਮਨਮਾਨੀਆਂ ਕਰਦੇ ਹੋਏ ਨਿੱਜੀ ਰੰਜਿਸ਼ਾਂ ਕੱਢਣ ਤੇ ਲੱਗੇ ਹੋਏ ਹਨ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਤਰਸੇਮ ਦੀਵਾਨਾ ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਦਾ ਅਸਤੀਫੇ ਨੂੰ ਮਨਜ਼ੂਰ ਕਰਨ ਦਾ ਤਾਰਾ ਚੰਦ ਧਿਰ ਨੂੰ ਕੋਈ ਅਧਿਕਾਰ ਨਹੀਂ ਹੈ।ਉਨ੍ਹਾਂ ਕਿਹਾ ਕਿ ਜਲਦੀ ਹੀ ਬੇਗਮਪੁਰਾ ਟਾਈਗਰ ਫੋਰਸ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਮਿਸ਼ਨਰੀ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਵਾਲੇ ਸੇਵਾਦਾਰਾਂ ਨੂੰ ਅੱਗੇ ਲਿਆਂਦਾ ਜਾਵੇਗਾ।

ਇਸ ਮੌਕੇ ਚੇਅਰਮੈਨ ਤਰਸੇਮ ਦੀਵਾਨਾ ਦੇ ਨਾਲ ਬੇਗਮਪੁਰਾ ਟਾਈਗਰ ਫੋਰਸ ਦੇ ਜ਼ਿਲ੍ਹਾ ਇੰਚਾਰਜ ਬੀਰਬਲ ਠਰੋਲੀ, ਹੰਸਰਾਜ ਇਸਲਾਮਾਬਾਦ ਅਤੇ ਹੈਪੀ ਪੌਲ ਜ਼ਿਲਾ ਸਕੱਤਰ,ਮਨਜੀਤ ਡਾਡਾ ਰੇਸ਼ਮ ਬਜਵਾੜਾ ਆਦਿ ਮੌਜੂਦ ਸਨ।

Leave a Reply

Your email address will not be published.