
ਫਗਵਾੜਾ 3 ਦਸੰਬਰ (ਹਰੀਸ਼ ਭੰਡਾਰੀ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਹੇੜੂ ਦੇ ਪ੍ਰਿੰਸੀਪਲ ਮੈਡਮ ਰਿਤੂ ਚੋਪਡ਼ਾ ਅਤੇ ਪੰਜਾਬੀ ਅਧਿਆਪਕ ਲਖਵੀਰ ਚੰਦ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਸ਼ਾ ਵਿਭਾਗ ਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਮਾਂ ਬੋਲੀ ਨੂੰ ਸਮਰਪਤ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਵਰਗ ਛੇਵੀਂ ਤੋਂ ਅੱਠਵੀਂ ਸ਼੍ਰੇਣੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹੇੜੂ ਦੇ ਵਿਦਿਆਰਥੀ ਤਰਨਜੋਤ ਸਿੰਘ ਜਮਾਤ ਅੱਠਵੀਂ ਨੇ ਪੰਜਾਬੀ ਮਾਸਟਰ ਲਖਵੀਰ ਚੰਦ ਦੀ ਅਗਵਾਈ ਵਿੱਚ ਪੂਰੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ।ਪ੍ਰਿੰਸੀਪਲ ਰਿਤੂ ਚੋਪੜਾ ਨੇ ਜਾਣਕਾਰੀ ਦਿੰਦੇ ਹੋਏ ਹੋਰ ਦੱਸਿਆ ਕਿ ਤਰਨਜੋਤ ਸਿੰਘ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਅਧਿਆਪਕਾਂ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ । ਉਨਾਂ ਹੋਰ ਦੱਸਿਆ ਕਿ ਇਸ ਤੋਂ ਪਹਿਲਾਂ ਮਹੇੜੂ ਸਕੂਲ ਦੇ ਵਿਦਿਆਰਥੀਆਂ ਤਰਨਜੋਤ ਸਿੰਘ ਤੇ ਸਾਨੀਆ ਨੇ ਬਲਾਕ ਪੱਧਰ ਤੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਸੀ ।ਇਸ ਦੇ ਨਾਲ ਹੀ ਸੁੰਦਰ ਲਿਖਾਈ ਮੁਕਾਬਲੇ ਵਿਚ ਮੈਡਮ ਹਰਦੀਪ ਕੌਰ ਨੇ ਬਲਾਕ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ ਸੀ।ਉਨ੍ਹਾਂ ਕਿਹਾ ਕਿ ਹੁਣ ਤਰਨਜੋਤ ਸਿੰਘ ਵਿਦਿਆਰਥੀ ਸਟੇਟ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਭਾਗ ਲਵੇਗਾ ਅਤੇ ਉੱਥੋਂ ਵੀ ਜਿੱਤ ਪ੍ਰਾਪਤ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ।ਇੱਥੇ ਜ਼ਿਕਰਯੋਗ ਹੈ ਕਿ ਮਹੇੜੂ ਸਕੂਲ ਦੇ ਵਿਦਿਆਰਥੀ ਆਪਣੇ ਯੋਗ ਅਧਿਆਪਕਾਂ ਦੀ ਅਗਵਾਈ ਵਿੱਚ ਲਗਾਤਾਰ ਸਹਿ ਵਿੱਦਿਅਕ ਮੁਕਾਬਲਿਆਂ ਵਿਚ ਆਪਣਾ ਨਾਮ ਕਮਾ ਰਹੇ ਹਨ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ ।