ਡੀ.ਐੱਸ.ਪੀ. ਐਸ.ਐਚ.ਓ. ਥਾਣਾ ਸਦਰ ਅਤੇ ਗੁੱਗਾ ਜਾਹਰ ਪੀਰ ਮੰਦਰ ਦੀ ਤਥਾਕਥਿਤ ਕਮੇਟੀ ਖਿਲਾਫ਼ ਕਾਰਵਾਈ ਲਈ ਲਾਈ ਗੁਹਾਰ

  • By admin
  • June 24, 2022
  • 0
ਗੁੱਗਾ ਜਾਹਰ ਪੀਰ ਮੰਦਰ

ਹੁਸ਼ਿਆਰਪੁਰ, 24 ਜੂਨ (ਤਰਸੇਮ ਦੀਵਾਨਾ)- ਗੁੱਗਾ ਜਾਹਰ ਪੀਰ ਮੰਦਰ ਬਜਵਾੜਾ ਦਾ ਮਾਮਲਾ ਲਗਾਤਾਰ ਉਲਝਦਾ ਜਾ ਰਿਹਾ ਹੈ।ਇਸ ਅਸਥਾਨ ਦੇ ਅਸਲ ਗੱਦੀ ਨਸ਼ੀਨ ਹੋਣ ਦਾ ਦਾਅਵਾ ਕਰਦੇ ਸਤਿਨਾਮ ਸਿੰਘ ਵੱਲੋਂ ਸਥਾਨਕ ਹੋਟਲ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਜਿੱਥੇ ਇਨਸਾਫ ਦੀ ਗੁਹਾਰ ਲਾਈ ਉੱਥੇ ਡੀ ਐੱਸ ਪੀ ਪ੍ਰੇਮ ਸਿੰਘ, ਐਸ ਐਚ ਓ ਥਾਣਾ ਸਦਰ ਅਤੇ ਗੁੱਗਾ ਜਾਹਰ ਪੀਰ ਮੰਦਰ ਦੀ ਤਥਾਕਥਿਤ ਕਮੇਟੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਆਪਣੇ ਦਾਅਵੇ ਦੇ ਹੱਕ ਵਿੱਚ ਕਾਗਜ਼ੀ ਪੱਤਰੀ ਸਬੂਤ ਪੇਸ਼ ਕਰਦਿਆਂ ਉਕਤ ਗੱਦੀ ਨਸ਼ੀਨ ਸਤਨਾਮ ਸਿੰਘ ਨੇ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਮਾਣਯੋਗ ਹਾਈਕੋਰਟ ਦਾ ਦਰ ਖੜਕਾਉਣ ਦੀ ਚਿਤਾਵਨੀ ਦਿੱਤੀ ਹੈ।

ਇਸ ਕਾਨਫਰੰਸ ਵਿੱਚ ਸਤਿਨਾਮ ਸਿੰਘ ਦੇ ਨਾਲ ਉਸ ਦੀ ਪਤਨੀ ਸੁਰਜੀਤ ਕੌਰ, ਹਰੀਪਾਲ ਨਕੋਦਰ ਅਤੇ ਜਸਵਿੰਦਰ ਕੌਰ ਮਿਡ-ਡੇ-ਮੀਲ ਵਰਕਰ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਅਤੇ ਇਸਤਰੀ ਤਾਲਮੇਲ ਕਮੇਟੀ ਪੰਜਾਬ ਦੀ ਸੂਬਾਈ ਆਗੂ ਦੀ ਮੌਜੂਦਗੀ ਵਿੱਚ ਸਤਨਾਮ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਗੁੱਗਾ ਜਾਹਰ ਪੀਰ ਮੰਦਰ ਬਜਵਾੜਾ ਕਲਾਂ ਦਾ ਅਸਲ ਗੱਦੀ ਨਸ਼ੀਨ ਹੈ ਅਤੇ ਇਸ ਮੰਦਰ ਦੀ ਇੱਕ ਕਮੇਟੀ ਵੀ 2007-2008 ਵਿੱਚ ਬਣਾਈ ਗਈ ਸੀ ਜੋ ਕਿ ਇੱਕ ਰਜਿਸਟਰਡ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੰਦਰ ਦੇ ਪਹਿਲੇ ਗੱਦੀ ਨਸ਼ੀਨ ਭਗਤ ਚੰਦਰ ਕਿਸ਼ੋਰ ਨੇ ਆਪਣੇ ਜਿਊਂਦਿਆ ਹੀ ਹਰੀਸ਼ ਭੱਲਾ ਨੂੰ ਗੱਦੀ ਨਸ਼ੀਨ ਨਿਯੁਕਤ ਕਰ ਦਿੱਤਾ ਸੀ। ਇਸੇ ਹੀ ਤਰ੍ਹਾਂ ਹਰੀਸ਼ ਭੱਲਾ ਨੇ ਵੀ ਆਪਣੇ ਜਿਊਂਦੇ ਜੀਅ ਮੈਨੂੰ (ਸਤਨਾਮ ਸਿੰਘ) ਉਪਰੋਕਤ ਡੇਰੇ ਦਾ ਅਗਸਤ 2018 ਵਿੱਚ ਸੰਗਤ, ਕਮੇਟੀ ਮੈਂਬਰਾਂ ਅਤੇ ਹੋਰ ਲੋਕਾਂ ਦੀ ਹਾਜਰੀ ਵਿੱਚ ਮੇਰੇ ਸਿਰ ਤੇ ਪਗੜੀ ਰੱਖ ਕੇ ਰਿਵਾਇਤ ਅਨੂਸਾਰ ਗੱਦੀ ਨਸ਼ੀਨ ਨਿਯੁਕਤ ਕਰ ਦਿੱਤਾ ਸੀ।

ਸਤਨਾਮ ਸਿੰਘ ਨੇ ਦੱਸਿਆ ਕਿ ਗੁਰੂ ਹਰੀਸ਼ ਭੱਲਾ ਦੀ 26-11-2018 ਮੌਤ ਉਪਰੰਤ ਲਗਾਤਾਰ ਉਹ ਹੀ ਗੁੱਗਾ ਜਾਹਰ ਪੀਰ ਮੰਦਰ ਬਜਵਾੜਾ ਕਲਾਂ ਦੀ ਦੇਖਭਾਲ ਕਰਦਾ ਰਿਹਾ। ਹਰਿੰਦਰ ਜੈਰਥ ਉਰਫ ਨਾਣਾ ਅਤੇ ਕਮੇਟੀ ਵਲੋਂ ਸੰਗਤ ਦੀ ਹਾਜਰੀ ਵਿੱਚ 06-01-2019 ਨੂੰ ਕਮੇਟੀ ਦੀ ਹੋਈ ਮੀਟਿੰਗ ਵਿੱਚ ਮੈਨੂੰ ਗੱਦੀ ਨਸ਼ੀਨ ਹੋਣ ਦੇ ਨਾਲ ਨਾਲ ਮੰਦਰ ਦਾ ਪ੍ਰਧਾਨ ਵੀ ਬਣਾਇਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੰਦਰ ਦੀ ਇਨੋਵਾ ਗੱਡੀ ਦੇ ਕਾਗਜ ਉਕਤ ਹਰਿੰਦਰ ਜੈਰਥ ਨੇ ਹੀ ਜਾਅਲੀ ਦਸਖਤਾਂ ਹੇਠ ਖ੍ਰੀਦੇ ਸਨ ਅਤੇ ਇਹ ਗੱਡੀ ਦੇ ਕਾਗਜ ਮੇਰੇ ਨਾਂ ਵੀ ਹਰਜਿੰਦਰ ਜੈਰਥ ਹੀ ਕਰਵਾ ਕੇ ਲਿਆਇਆ ਸੀ। ਅੱਜ ਵੀ ਇਸ ਗੱਡੀ ਦੇ ਪੂਰੇ ਕਾਗਜ ਮੇਰੇ ਨਾਂ ਤੇ ਹਨ। ਮਪਰ ਪੁਲਿਸ ਦੀ ਮਿਲੀਭੁਗਤ ਨਾਲ ਉਲਟਾ ਮੇਰੇ ਤੇ ਝੂਠਾ ਪਰਚਾ ਦਰਜ ਕਰਵਾ ਕੇ ਗੱਡੀ ਥਾਣੇ ਬੰਦ ਕੀਤੀ ਹੋੋਈ ਹੈ ਜੋ ਕਿ ਮੇਰੇ ਨਾਲ ਸਰਾਸਰ ਬੇਇਨਸਾਫੀ ਹੈ।

ਉਨ੍ਹਾਂ ਦਸਿਆ ਕਿ ਇਸ ਮਾਮਲੇ ਵਿੱਚ ਜਮਾਨਤ ਲਈ ਦੌੜ ਭੱਜ ਦੌਰਾਨ ਮੇਰੀ ਗੈਰ ਹਾਜਰੀ ਵਿੱਚ ਉਕਤ ਸਮੇਤ ਕਮੇਟੀ ਮੈਬਰਾਂ ਨੇ ਮੰਦਰ ਸਥਿਤ 4 ਕਮਰਿਆਂ ,ਜਿੱਥੇ ਉਹ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ, ਉਨ੍ਹਾਂ ਕਮਿਰਿਆ ਦੇ ਜਿੰਦਰੇ ਤੋੜ ਕੇ ਕਰੀਬ 8 ਲੱਖ ਤੋਂ 10 ਲੱਖ ਦੀ ਕੀਮਤ ਦਾ ਸਮਾਨ ਸਮੇਤ ਗਹਿਣੇ ਚੋਰੀ ਕਰ ਲਿਆ ਜਿਸ ਦੇ ਸਬੰਧ ਵਿੱਚ ਉਸ ਨੇ ਸਦਰ ਥਾਣਾ ਹੁਸ਼ਿਆਰਪੁਰ ਵਿਖੇ ਰਿਪੋਰਟ ਵੀ ਦਰਜ ਕਰਵਾਈ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੁਣ ਉਪਰੋਕਤ ਹਰਿੰਦਰ ਜੈਰਥ ਸਮੇਤ ਹੋਰ ਵਿਅਕਤੀ ਅਦਾਲਤ ਵਿੱਚੋ ਸਟੇਅ ਹੋਣ ਦੇ ਬਾਵਜੂਦ ਵੀ ਮੰਦਰ ਵਿੱਚ ਦਾਖਿਲ ਨਹੀੰ ਹੋਣ ਦਿੰਦੇ। ਸਗੋਂ ਮਾਰ ਦੇਣ, ਲੜਾਈ ਝਗੜਾ ਤੇ ਕੁਟਮਾਰ ਕਰਨ ਅਤੇ ਜਾਤੀ ਸੂਚਕ ਸ਼ਬਦਾਂ ਦਾ ਇਸਤੇਮਾਲ ਕਰਕੇ ਮੈਨੂੰ ਬੇਇਜਤ ਕਰਦੇ ਹਨ।

ਜਦੋਂ ਕਿ ਕਾਨੂੰਨੀ ਤੌਰ ਤੇ ਮੰਦਰ ਦੀ ਗੱਦੀ ਦਾ ਮੈ ਹੀ ਅਸਲੀ ਵਾਰਸ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਪੁਲਿਸ ਵਲੋਂ ਵੀ ਇਨਸਾਫ ਨਹੀਂ ਦਿੱਤਾ ਜਾ ਰਿਹਾ ਅਤੇ ਉਕਤ ਵਿਅਕਤੀ ਵੀ ਪ੍ਰੇਸ਼ਾਨ ਕਰ ਰਹੇ ਹਨ। ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ 22 ਜੂਨ ਨੂੰ ਕੀਤੀ ਪ੍ਰੈਸ ਕਾਨਫਰੰਸ ਵੀ ਝੂਠ ਦਾ ਪੁਲੰਦਾ ਹੈ। ਮੇਰੇ ਕੋਲ ਉਨ੍ਹਾਂ ਪ੍ਰਤੀ ਹਰ ਤਰ੍ਹਾਂ ਦੇ ਲਿਖਤੀ ਅਤੇ ਵੀਡੀਓ ਆਦਿ ਪੱਕੇ ਸਬੂਤ ਹਨ।ਉਨਾਂ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਤੋੰ ਮੰਗ ਕੀਤੀ ਕਿ ਗੁੱਗਾ ਜਾਹਰ ਪੀਰ ਮੰਦਰ ਬਜਵਾੜਾ ਦੇ ਗੱਦੀ ਨਸ਼ੀਨ ਹੋਣ ਕਰਕੇ ਮੰਦਰ ਦਾ ਕਬਜਾ ਦਿਵਾਇਆ ਜਾਵੇ ਅਤੇ ਮੰਦਰ ਦਾ ਮਾਹੌਲ ਖਰਾਬ ਕਰਨ ਅਤੇ ਗਲਤ ਦਸਤਾਵੇਜ ਬਣਾਉਣ ਅਤੇ ਮੇਰੇ ਸਮਾਨ ਦੀ ਚੋਰੀ ਦੇ ਕੇਸ ਵਿੱਚ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਆਪਣੇ ਹਿਮਾਇਤੀਆਂ ਨੂੰ ਨਾਲ ਲੈ ਕੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਵਿਰੁੱਧ ਰੋਸ ਪ੍ਰਦਰਸ਼ਨ ਵੀ ਕਰੇਗਾ ਅਤੇ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।

ਇਸ ਸੰਬੰਧੀ ਜਦੋਂ ਡੀ ਐੱਸ ਪੀ ਪ੍ਰੇਮ ਸਿੰਘ ਨੂੰ ਉਨ੍ਹਾਂ ਦੇ ਮੋਬਾਇਲ ਨੰਬਰ ਤੇ ਫੋਨ ਕਰਕੇ ਪੁੱਛਿਆ ਗਿਆ ਤੇ ਡੀਐੱਸਪੀ ਪ੍ਰੇਮ ਸਿੰਘ ਨੇ ਗੋਂਗਲੂਆਂ ਤੋਂ ਮਿੱਟੀ ਝਾੜਦਿਆਂ ਕੁਝ ਵੀ ਪੱਲੇ ਨਹੀਂ ਪਾਇਆ ਅਤੇ ਜਦੋਂ ਡੀਐੱਸਪੀ ਪ੍ਰੇਮ ਸਿੰਘ ਨੂੰ ਕੋਰਟ ਦੇ ਸਟੇਅ ਆਰਡਰਾਂ ਬਾਰੇ ਪੁੱਛਿਆ ਗਿਆ ਤੇ ਡੀਐੱਸਪੀ ਪ੍ਰੇਮ ਸਿੰਘ ਕੋਟ ਦੇ ਸਟੇਅ ਆਰਡਰਾਂ ਤੇ ਵੀ ਕੋਈ ਠੋਸ ਜਬਾਬ ਨਹੀ ਦੇ ਸਕਿਆ।

Leave a Reply

Your email address will not be published. Required fields are marked *