
ਮਾਤਾ ਕਲਸਾਂ ਦੇਵੀ ਅਤੇ ਪਿਤਾ ਬਾਬਾ ਸੰਤੋਖ ਦਾਸ ਜੀ ਦੇ ਘਰ 30 ਜਨਵਰੀ ਸੰਨ 1399 ਈ.(7 ਫੱਗਣ, ਸੰਮਤ 1456 ਬਿ.) ਨੂੰ ਕਾਂਸ਼ੀ, ਬਨਾਰਸ, ਉੱਤਰ ਪ੍ਰਦੇਸ਼ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਹੋਇਆ। ਆਪ ਛੋਟੀ ਉਮਰ ਵਿੱਚ ਹੀ ਪਰਮਾਤਮਾ ਦੀ ਸਿਫ਼ਤ ਸਲਾਹ ਵਿੱਚ ਰਹਿੰਦੇ ਸਨ। ਆਪ ਜੀ ਦਾ ਜਨਮ ਚੰਮ ਦੀਆਂ ਜੁੱਤੀਆਂ ਘੜਨ ਵਾਲੇ ਭਾਵ ਚਮਾਰ ਪਰਿਵਾਰ ਵਿੱਚ ਹੋਇਆ। ਇਹ ਕੰਮ ਕਰਨ ਵਾਲੇ ਲੋਕਾਂ ਨੂੰ ਅਖੌਤੀ ਧਰਮੀ ਅਲੰਬਰਦਾਰ ਸੂਦਰ ਕਹਿ ਕੇ ਦੁਰਕਾਰਦੇ ਸਨ। ਸ਼ੂਦਰ ਕਹੇ ਜਾਂਦੇ ਲੋਕਾਂ ਨੂੰ ਗਿਆਨ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਸੀ।
ਇਸ ਲਈ ਗੁਰੂ ਰਵਿਦਾਸ ਜੀ ਕਿਸੇ ਪਾਠਸ਼ਾਲਾ ਵਿੱਚ ਪੜ੍ਹਾਈ ਨਾ ਕਰ ਸਕੇ । ਪਰ ਉਨ੍ਹਾਂ ਨੇ ਆਪਣੇ ਯਤਨਾਂ ਨਾਲ ਪ੍ਰਾਚੀਨ ਧਾਰਮਿਕ ਗ੍ਰੰਥਾਂ ਅਤੇ ਪ੍ਰਚੱਲਿਤ ਧਰਮਾਂ ਦੀ ਜਾਣਕਾਰੀ ਹਾਲ ਕਰ ਲਈ । ਪ੍ਰਭੂ ਦੀ ਯਾਦ ਵਿੱਚ ਜੁੜੇ ਰਹਿਣ ਕਾਰਨ ਆਪ ਜੀ ਵਿੱਚ ਨਿਰਵੈਰਤਾ, ਨਿਡਰਤਾ, ਸ਼ਾਂਤ ਸੁਭਾਅ, ਸੱਚ ਕਹਿਣ ਦੀ ਦਲੇਰੀ ਪ੍ਰਾਣੀ ਮਾਤਰ ਨਾਲ ਪਿਆਰ ਆਦਿ ਗੁਣ ਉਤਪੰਨ ਹੋ ਗਏ।
ਆਪ ਜੀ ਦਾ ਵਿਆਹ ਪਿੰਡ ਮਿਰਜ਼ਾਪੁਰ ਵਾਸੀ ਬੀਬੀ ਲੋਣਾ ਨਾਲ ਹੋਇਆ । ਆਪ ਜੀ ਨੂੰ ਇੱਕ ਸਪੁੱਤਰ ਦੀ ਦਾਤ ਬਖਸ਼ਿਸ਼ ਹੋਈ ਜਿਸ ਦਾ ਨਾਮ ਵਿਜੈ ਦਾਸ ਰੱਖਿਆ ਗਿਆ। ਸਪੁੱਤਰ ਵੀ ਨਰਮ ਸੁਭਾਅ ਵਾਲਾ ਦਿਆਲੂ ਪੁਰਸ਼ ਸੀ ਜੋ ਪਿਤਾ ਪੁਰਖੀ ਧੰਦੇ ਰਾਂਹੀਂ ਹੋਈ ਕਮਾਈ ਨਾਲ ਪਰਿਵਾਰ ਦਾ ਨਿਰਬਾਹ ਕਰਦਾ ਅਤੇ ਬਚੇ ਪੈਸੇ ਲੋੜਵੰਦਾਂ, ਸਾਧੂਆਂਸੰਤਾਂ ਲਈ ਖਰਚ ਕਰ ਦਿੰਦੇ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 16 ਰਾਗਾਂ ਵਿੱਚ 40 ਸ਼ਬਦ ਦਰਜ ਹਨ । ਆਪ ਜੀ ਨੇ ਆਪਣੀ ਬਾਣੀ ਵਿੱਚ ਮਨੁੱਖੀ ਜੀਵਨ ਦੇ ਮਨੋਰਥ, ਸਰਬਵਿਆਪਕ ਪ੍ਰਭੂ ਦੀ ਸਿਫ਼ਤ ਸਲਾਹ, ਜੀਵ ਆਤਮਾ ਦੇ ਪਰਮ ਆਤਮਾ ਵਿੱਚ ਅਭੇਦ ਹੋਣ ਆਦਿ ਬਾਰੇ ਗੱਲ ਕੀਤੀ ਹੈ ਆਪ ਜੀ ਫ਼ਰਮਾਉਂਦੇ ਹਨ:
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥
ਕਨਕ ਕਟਿਕ ਜਲ ਤਰੰਗ ਜੈਸਾ॥
ਪਰਮਾਤਮਾ ਦੀ ਮਸਰੱਥਾ ਬਿਆਨ ਕਰਦਿਆਂ ਸ੍ਰੀ ਗੁਰੂ ਰਵਿਦਾਸ ਜੀ ਫ਼ਰਮਾਉਂਦੇ ਹਨ ਕਿ ਪ੍ਰਭੂ ਐਨਾ ਸਮਰੱਥ ਹੈ ਕਿ ਨੀਵਿਆਂ ਨੂੰ ਵੀ ਉੱਚਾ ਕਰ ਦਿੰਦਾ ਹੈ:
ਐਸੀ ਲਾਲ ਤੁਝ ਬਿਨੁ ਕਉਨੁ ਕਰੈ॥
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤz ਧਰੈ॥
ਸ੍ਰੀ ਗੁਰੂ ਰਵਿਦਾਸ ਜੀ ਦੇ ਅਨੁਸਾਰ ਮਨ ਵਿੱਚੋਂ ਮੇਰ ਤੇਰ ਖ਼ਤਮ ਹੋ ਕੇ ਉਸ ਪਰਮ ਪਿਤਾ ਪਰਮਾਤਮਾ ਨਾਲ ਮਿਲਾਪ ਹੋ ਜਾਣਾ ਸਭ ਤੋਂ ਉੱਚੀ ਅਵਸਥਾ ਹੈ। ਜਿਸ ਬਾਰੇ ਉਹ ਲਿਖਦੇ ਹਨ:
ਬੇਗਮ ਪੁਰਾ ਸ਼ਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਗੁਰੂ ਜੀ ਦੇ ਅੰਤਿਮ ਸਮੇਂ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ ਪਰ ਕੁੱਝ ਵਿਦਵਾਨਾ ਅਨੁਸਾਰ ਆਪ ਜੀ ਸੰਨ 1527 ਈ. (ਸੰਮਤ 1584 ਬਿ.) ਵਿੱਚ ਆਪਣਾ ਪੰਜ ਭੌਤਿਕ ਸਰੀਰ ਛੱਡ ਕੇ ਪਰਮਾਤਮਾ ਵਿੱਚ ਲੀਨ ਹੋ ਗਏ।
ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਪਰਮਾਤਮਾ ਨਾਲ ਮਿਲਾਪ ਲਈ ਸਾਡਾ ਰੰਗ, ਰੂਪ, ਜਾਤ, ਕੁਲ, ਨਸਲ ਆਦਿ ਰੁਕਾਵਟ ਨਹੀਂ ਬਣਦੇ । ਪਰਮਾਤਮਾ ਨੂੰ ਪਾਉਣ ਲਈ ਸਾਨੂੰ ਆਪਣੇ ਮਨ ਵਿੱਚੋਂ ਹਊਮੈਂ ਨੂੰ ਮਿਟਾੳਣਾ ਪੈਂਦਾ ਹੈ । ਅਜੇ ਵੀ ਸਾਡਾ ਸਮਾਜ ਜਾਤਾਂ ਪਾਤਾਂ ਵਿੱਚ ਬੁਰੀ ਤਰ੍ਹਾਂ ਜਕੜਿਆਂ ਹੋਇਆ ਹੈ। ਸਾਨੂੰ ਸਾਰਿਆਂ ਵਿੱਚ ਉਸ ਅਕਾਲ ਪੁਰਖ ਦੀ ਜੋਤ ਨੂੰ ਦੇਖਣਾ ਚਾਹੀਦਾ ਹੈ।ਇਸ ਦੇ ਨਾਲ ਹੀ ਸ੍ਰੀ ਗੁਰੂ ਰਵਿਦਾਸ ਜੀ ਸਿਰਫ ਰਵੀਦਾਸੀਆ ਕੌਮ ਦੇ ਰਹਿਬਰ ਨਾ ਹੋ ਕੇ ਸਾਰੇ ਧਰਮਾਂ ਨੂੰ ਸੇਧ ਦੇਣ ਵਾਲੇ ਗੁਰੂ ਜੀ ਹੋਏ ਹਨ। ਉਨ੍ਹਾਂ ਦੇ ਉਪਦੇਸ਼ਾਂ ਤੇ ਚੱਲਣ ਨਾਲ ਦੁਨੀਆਂ ਦੇ ਸਾਰੇ ਝਗੜੇ ਖ਼ਤਮ ਹੋ ਜਾਣਗੇ।
ਆਓ ਆਪਾਂ ਉਨ੍ਹਾਂ ਨੂੰ ਪੰਥ ਵਿਸੇਸ ਮੁੱਖੀ ਨਾ ਮੰਨ ਕੇ ਜਗਤ ਗੁਰੂ ਦੇ ਰੂਪ ਵਿੱਚ ਮੰਨੀਏ ਅਤੇ ਸਾਰੇ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ ਪਵਿੱਤਰ ਜਨਮ ਦਿਵਸ ਮੌਕੇ ਅਸੀਂ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦਾ ਯਤਨ ਕਰੀਏ।
-ਵਿਨੋਦ ਫ਼ਕੀਰਾ, ਸਟੇਟ ਐਵਾਰਡੀ, ਵਿਨੋਦ ਕੁਮਾਰ ਵਾਲੀ ਗਲੀ, ਆਰੀਆ ਨਗਰ, ਕਰਤਾਰਪੁਰ, ਜਲੰਧਰ, ਮੋ. 098721 97326