ਜਲੰਧਰ ਲੋਕ ਸਭਾ ਜਿਮਨੀ ਚੋਣ ਲਈ ਪ੍ਰਸ਼ਾਸਨ ਨੇ ਚੋਣ ਖਰਚੇ ‘ਤੇ ਸਖ਼ਤ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਨਿਗਰਾਨ ਟੀਮਾਂ ਨੂੰ ਮੁਹੱਈਆ ਕਰਵਾਈ ਸਿਖਲਾਈ

  • By admin
  • April 11, 2023
  • 0
ਜਲੰਧਰ

ਲੇਖਾ ਟੀਮਾਂ, ਖਰਚਾ ਨਿਗਰਾਨ ਸੈੱਲ, ਸਹਾਇਕ ਖਰਚਾ ਨਿਗਰਾਨਾਂ ਤੋਂ ਇਲਾਵਾ ਫਲਾਇੰਗ ਸਕੁਐਡ, ਵੀਡੀਓ ਸਰਵੇਲੈਂਸ, ਸਟੈਟਿਕ ਸਰਵੇਲੈਂਸ ਤੇ ਵੀਡੀਓ ਵਿਊਇੰਗ ਟੀਮਾਂ ਨੂੰ ਉਨ੍ਹਾਂ ਦੀ ਭੂਮਿਕਾ ਤੇ ਜ਼ਿੰਮੇਵਾਰੀ ਤੋਂ ਕਰਵਾਇਆ ਜਾਣੂ

ਸਿਖਲਾਈ ਦਾ ਉਦੇਸ਼ ਟੀਮ ਮੈਂਬਰਾਂ ਨੂੰ ਚੋਣ ਖਰਚੇ ਦੀ ਗਣਨਾ ਲਈ ਅਪਣਾਈ ਜਾਣ ਵਾਲੀ ਕਾਰਜਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਾ : ਡਿਪਟੀ ਕਮਿਸ਼ਨਰ

ਜਲੰਧਰ 11 ਅਪ੍ਰੈਲ (ਜਸਵਿੰਦਰ ਸਿੰਘ ਆਜ਼ਾਦ)- ਚੋਣ ਖਰਚੇ ‘ਤੇ ਸਖ਼ਤ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਗਠਿਤ ਵੱਖ-ਵੱਖ ਟੀਮਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਸਿਖਲਾਈ ਮੁਹੱਈਆ ਕਰਵਾਈ ਗਈ ਤਾਂ ਜੋ ਚੋਣ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਦੇ ਚੋਣ ਖਰਚੇ ‘ਤੇ ਸਖ਼ਤ ਨਜ਼ਰ ਰੱਖੀ ਜਾ ਸਕੇ। ਇਸ ਸਿਖਲਾਈ ਦੌਰਾਨ ਖਰਚਾ ਨਿਗਰਾਨ ਸੈੱਲ, ਲੇਖਾ ਟੀਮਾਂ ਦੇ ਮੈਂਬਰਾਂ, ਵਿਧਾਨ ਸਭਾ ਹਲਕਾ ਪੱਧਰ ਦੇ ਸਹਾਇਕ ਖਰਚਾ ਨਿਗਰਾਨ, ਐਮ.ਸੀ.ਐਮ.ਸੀ., ਫਲਾਇੰਗ ਸਕੁਐਡ, ਵੀਡੀਓ ਸਰਵੀਲੈਂਸ, ਸਟੈਟਿਕ ਸਰਵੀਲੈਂਸ ਤੇ ਵੀਡੀਓ ਵਿਊਇੰਗ ਟੀਮਾਂ ਦੇ ਮੈਂਬਰਾਂ ਨੇ ਭਾਗ ਲਿਆ।

ਸਿਖਲਾਈ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ ਹਰੇਕ ਉਮੀਦਵਾਰ ਲਈ ਖਰਚੇ ਦੀ ਸੀਮਾ 95 ਲੱਖ ਰੁਪਏ ਤੈਅ ਕੀਤੀ ਗਈ ਹੈ, ਜਿਸ ਲਈ ਖਰਚਾ ਨਿਗਰਾਨ ਟੀਮਾਂ ਦੇ ਸਮੂਹ ਮੈਂਬਰਾਂ ਨੂੰ ਚੋਣ ਖਰਚੇ ਦੀ ਗਣਨਾ ਕਰਨ ਦੀ ਵਿਧੀ ਤੋਂ ਜਾਣੂ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਦਾ ਮੁੱਖ ਉਦੇਸ਼ ਟੀਮ ਮੈਂਬਰਾਂ ਨੂੰ ਚੋਣ ਖਰਚੇ ਦੀ ਗਣਨਾ ਲਈ ਅਪਣਾਈ ਜਾਣ ਵਾਲੀ ਕਾਰਜਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਾ ਹੈ ਤਾਂ ਜੋ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ।

ਵਿਧਾਨ ਸਭਾ ਹਲਕਾ ਪੱਧਰ ’ਤੇ ਸਹਾਇਕ ਖਰਚਾ ਨਿਗਰਾਨ ਤਾਇਨਾਤ ਕਰਨ ਦੇ ਨਾਲ-ਨਾਲ ਉਮੀਦਵਾਰਾਂ ਦੇ ਖਰਚ ’ਤੇ ਨਜ਼ਰਸਾਨੀ ਲਈ ਜ਼ਿਲ੍ਹਾ ਪੱਧਰੀ ਨਿਗਰਾਨ ਸੈੱਲ (ਡੀ.ਈ.ਐਮ.ਸੀ.) ਵੀ ਸਥਾਪਤ ਕੀਤਾ ਗਿਆ ਹੈ

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਪੱਧਰ ’ਤੇ ਸਹਾਇਕ ਖਰਚਾ ਨਿਗਰਾਨ ਤਾਇਨਾਤ ਕਰਨ ਦੇ ਨਾਲ-ਨਾਲ ਉਮੀਦਵਾਰਾਂ ਦੇ ਖਰਚ ’ਤੇ ਨਜ਼ਰਸਾਨੀ ਲਈ ਜ਼ਿਲ੍ਹਾ ਪੱਧਰੀ ਨਿਗਰਾਨ ਸੈੱਲ (ਡੀ.ਈ.ਐਮ.ਸੀ.) ਵੀ ਸਥਾਪਤ ਕੀਤਾ ਗਿਆ ਹੈ, ਜੋ ਕਿ 13 ਅਪ੍ਰੈਲ ਨੂੰ ਨਾਮਜ਼ਦਗੀਆਂ ਦੀ ਸ਼ੁਰੂਆਤ ਦੇ ਨਾਲ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀਆਂ ਹਦਾਇਤ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਸਿਖਲਾਈ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਬੰਧਤ ਅਧਿਕਾਰੀਆਂ ਨੂੰ ਆਪਣੇ ਫਰਜ਼ਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਹਾਇਕ ਸਾਬਤ ਹੋਵੇਗੀ।

ਇਸ ਦੌਰਾਨ ਜ਼ਿਲ੍ਹਾ ਨੋਡਲ ਅਫ਼ਸਰ (ਖਰਚਾ ਨਿਗਰਾਨ ਸੈੱਲ)-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਹਲਕਾ ਕਰਤਾਰਪੁਰ-ਕਮ-ਐਸ.ਡੀ.ਐਮ. ਜਲੰਧਰ-2 ਬਲਬੀਰ ਰਾਜ ਸਿੰਘ ਵੱਲੋਂ ਚੋਣ ਖਰਚੇ ਦੀ ਗਣਨਾ ਸਬੰਧੀ ਟੀਮਾਂ ਨੂੰ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਟੀਮਾਂ ਦੀ ਸਹੂਲਤ ਲਈ ਉਨ੍ਹਾਂ ਨੂੰ ਚੋਣ ਕਮਿਸ਼ਨ ਵੱਲੋਂ ਹਰੇਕ ਵਸਤੂ ਦੀਆਂ ਦਰਾਂ ਸਬੰਧੀ ਸੂਚੀ ਮੁਹੱਈਆ ਕਰਵਾਈ ਗਈ ਹੈ ਅਤੇ ਇਨ੍ਹਾਂ ਟੀਮਾਂ ਦੀ ਮਦਦ ਲਈ ਫਲਾਇੰਗ ਸਕੁਐਡ ਟੀਮਾਂ (ਐਫ.ਐਸ.ਟੀ.), ਸਟੈਟਿਕ ਸਰਵੇਲੈਂਸ ਟੀਮ (ਐਸ.ਐਸ.ਟੀ.), ਵੀਡੀਓ ਸਰਵੇਲੈਂਸ ਟੀਮ (ਵੀ.ਐਸ.ਟੀ.) ਅਤੇ ਵੀਡੀਓ ਵਿਊਇੰਗ ਟੀਮਾਂ ਵੀ ਪ੍ਰਸ਼ਾਸਨ ਵੱਲੋਂ ਗਠਿਤ ਕੀਤੀਆਂ ਗਈਆਂ ਹਨ।

ਖਰਚਾ ਨਿਗਰਾਨ ਟੀਮਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ਼ੈਡੋ ਰਜਿਸਟਰ ਮੈਨਟੇਨ ਕਰਨ ’ਤੇ ਜ਼ੋਰ ਦਿੱਤਾ

ਉਨ੍ਹਾਂ ਖਰਚਾ ਨਿਗਰਾਨ ਟੀਮਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ਼ੈਡੋ ਰਜਿਸਟਰ ਮੈਨਟੇਨ ਕਰਨ ’ਤੇ ਜ਼ੋਰ ਦਿੱਤਾ ਤਾਂ ਜੋ ਖਰਚਾ ਨਿਗਰਾਨਾਂ ਦੇ ਨਿਰਦੇਸ਼ਾਂ ’ਤੇ ਉਹ ਇਸ ਨੂੰ ਪੇਸ਼ ਕਰਨ ਤੋਂ ਜਾਣੂ ਹੋਣ ਅਤੇ ਨਿਯਮਿਤ ਅੰਤਰਾਲਾਂ ’ਤੇ ਉਮੀਦਵਾਰਾਂ ਦੇ ਰਜਿਸਟਰਾਂ ਨਾਲ ਮਿਲਾਨ ਕੀਤਾ ਜਾ ਸਕੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ, ਸਮੂਹ ਏ.ਆਰ.ਓਜ਼, ਲੇਖਾ ਟੀਮਾਂ, ਖਰਚਾ ਨਿਗਰਾਨ ਸੈੱਲ ਦੇ ਮੈਂਬਰ, ਸਹਾਇਕ ਖਰਚਾ ਨਿਗਰਾਨ, ਫਲਾਇੰਗ ਸਕੁਐਡ, ਵੀਡੀਓ ਸਰਵੇਲੈਂਸ, ਸਟੈਟਿਕ ਸਰਵੇਲੈਂਸ ਤੇ ਵੀਡੀਓ ਵਿਊਇੰਗ ਟੀਮਾਂ, ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਸੈੱਲ ਦੇ ਮੈਂਬਰ ਵੀ ਮੌਜੂਦ ਸਨ।

Leave a Reply

Your email address will not be published. Required fields are marked *