ਸੌਹਰਿਆਂ ਵੱਲੋਂ ਜਵਾਈ ਤੇ ਜਾਨਲੇਵਾ ਹਮਲਾ

  • By admin
  • November 27, 2021
  • 0
ਹਮਲਾ

ਲਹੂ ਲੂਹਾਨ ਕਰਕੇ ਬੇਹੋਸ਼ੀ ਦੀ ਹਾਲਤ ਵਿੱਚ ਸੜਕ ’ਤੇ ਸੁੱਟਿਆ

ਜਲੰਧਰ 27 ਨਵੰਬਰ (ਜਸਵਿੰਦਰ ਸਿੰਘ ਆਜ਼ਾਦ)- ਅੱਜ ਸਥਾਨਕ ਪ੍ਰੈੱਸ ਕਲੱਬ ਵਿਖੇ ਹਰਪਾਲ ਸਿੰਘ ਦਿਗਪਾਲ, ਪੁੱਤਰ ਕੁਲਦੀਪ ਸਿੰਘ, ਨਿਵਾਸੀ ਕਰਤਾਰ ਨਗਰ ਜਲੰਧਰ ਨੇ ਆਪਣੇ ਨਾਲ ਆਪਣੇ ਸਹੁਰਿਆਂ ਵੱਲੋਂ ਕੀਤੇ ਜਾਨਲੇਵਾ ਹਮਲੇ ਬਾਰੇ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਮੇਰਾ ਵਿਆਹ 2015 ਵਿੱਚ ਹਰਜੋਤ ਕੌਰ ਸਪੁੱਤਰੀ ਸਰੂਪ ਸਿੰਘ, ਨਿਵਾਸੀ ਮੱਥਰਾ ਨਗਰ ਜਲੰਧਰ ਨਾਲ ਹੋਇਆ ਸੀ। ਇਸ ਵਿਆਹ ਤੋਂ ਇੱਕ ਲੜਕਾ ਅਤੇ ਇੱਕ ਲੜਕੀ ਸਾਡੇ ਦੋ ਬੱਚੇ ਹਨ। ਸ਼ੁਰੂ ਤੋਂ ਹੀ ਮੇਰੇ ਸਹੁਰੇ ਪਰਿਵਾਰ ਦੀ ਸਾਡੀ ਵਿਆਹੁਤਾ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਰਹੀ ਹੈ। ਪਰ ਮੈਂ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਬਚਾਈ ਰੱਖਣ ਲਈ ਬਹੁਤ ਕੁਝ ਬਰਦਾਸ਼ਤ ਕਰਦਾ ਰਿਹਾ ਅਤੇ ਹਮੇਸ਼ਾਂ ਆਪਣੇ ਸਹੁਰਿਆਂ ਨਾਲ ਸੰਬੰਧਾਂ ਨੂੰ ਮੈਂ ਖੁਸ਼ਗਵਾਰ ਰੱਖਣ ਦੀ ਕੋਸ਼ਿਸ਼ ਕਰਦਾ ਰਿਹਾ।

ਬੀਤੀ 13 ਨਵੰਬਰ ਨੂੰ ਮੇਰੀ ਪਤਨੀ ਆਪਣੇ ਭਰਾ ਨਾਲ ਆਪਣੇ ਪੇਕੇ ਘਰ ਇਹ ਕਹਿ ਕੇ ਗਈ ਕਿ ਉਨ੍ਹਾਂ ਦੇ ਘਰ ਪ੍ਰਭਾਤਫੇਰੀ ਹੈ ਅਤੇ ਕਿਹਾ ਕਿ ਉਹ ਦੋ ਦਿਨ ਬਾਅਦ ਵਾਪਸ ਆ ਜਾਵੇਗੀ। ਦੋ ਦਿਨਾਂ ਬਾਅਦ ਜਦੋਂ ਮੈਂ ਫੋਨ ਕੀਤਾ ਕਿ ਮੈਂ ਲੈਣ ਆ ਰਿਹਾ ਹਾਂ, ਤਾਂ ਉਸ ਦੇ ਭਰਾ ਨੇ ਕਿਹਾ ਕਿ ਉਹਦੀ ਸਿਹਤ ਅਜੇ ਠੀਕ ਨਹੀਂ, ਜਿਸ ਤੋਂ ਬਾਅਦ ਮੈਂ ਉਸ ਦਾ ਦੋ ਵਾਰ ਪਤਾ ਲੈਣ ਵੀ ਗਿਆ। ਫਿਰ ਥੋੜ੍ਹੇ ਦਿਨਾਂ ਬਾਅਦ ਉਸ ਦੇ ਭਰਾ ਨੇ ਕਿਹਾ ਕਿ ਅਜੇ ਉਸ ਨੇ ਨਹੀਂ ਆਉਣਾ, ਫਿਰ ਮੈਂ ਦੁਬਾਰਾ ਆਪਣੇ ਸਹੁਰੇ ਘਰ ਗਿਆ ਅਤੇ ਆਪਣੀ ਬੇਟੀ ਨੂੰ ਨਾਲ ਲੈ ਆਇਆ, ਕਿਉਕਿ ਉਸ ਨੇ ਸਕੂਲ ਵੀ ਜਾਣਾ ਹੁੰਦਾ ਹੈ।

ਮਿਤੀ 23 ਨਵੰਬਰ ਨੂੰ ਮੇਰੇ ਤਾਏ ਸਹੁਰੇ ਸ. ਮੱਖਣ ਸਿੰਘ ਨੇ ਮੈਨੂੰ ਫੋਨ ਕੀਤਾ ਕਿ ਤੂੰ ਆਪਣੀ ਘਰਵਾਲੀ ਦਾ ਪਤਾ ਲੈਣ ਕਿਉ ਨਹੀਂ ਜਾ ਰਿਹਾ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਪਹਿਲਾਂ ਵੀ ਤਿੰਨ ਵਾਰ ਜਾ ਚੁੱਕਾ ਹਾਂ ਪਰ ਮੇਰੇ ਸਹੁਰੇ ਪਰਿਵਾਰ ਵਾਲੇ ਮੇਰੇ ਨਾਲ ਸਹੀ ਸਲੂਕ ਨਹੀਂ ਕਰਦੇ। ਪਰ ਫਿਰ ਵੀ ਮੈਂ ਤੁਹਾਡੇ ਕਹਿਣ ’ਤੇ ਚੱਲਾ ਜਾਂਦਾ ਹਾਂ। ਸ. ਮੱਖਣ ਸਿੰਘ ਨੇ ਇਹ ਵੀ ਕਿਹਾ ਕਿ ਤੂੰ ਜਾਹ ਤੈਨੂੰ ਕੋਈ ਕੁਝ ਨਹੀਂ ਆਖੇਗਾ ਇਹ ਮੇਰੀ ਜ਼ਿੰਮੇਵਾਰੀ ਹੈ, ਉਸ ਦਿਨ ਮੈਂ ਸਾਮ ਨੂੰ 8 ਵਜੇ ਆਪਣੀ ਬੇਟੀ ਨੂੰ ਲੈ ਕੇ ਆਪਣੇ ਸਹੁਰੇ ਘਰ ਚਲਾ ਗਿਆ। ਜਦੋਂ ਮੈਂ ਘਰ ਵਿੱਚ ਦਾਖਲ ਹੋਇਆ ਤਾਂ ਮੇਰੀ ਪਤਨੀ ਹਰਜੋਤ ਕੌਰ, ਉਸ ਦੀ ਮਾਤਾ ਗੁਰਸ਼ਰਨ ਕੌਰ, ਪਿਤਾ ਸਰੂਪ ਸਿੰਘ, ਭਰਾ ਰਾਜਾ ਅਤੇ ਭਰਾ ਦਾ ਸਾਲਾ ਸ਼ੀਤਲ ਹਾਜ਼ਰ ਸੀ। ਜਦੋਂ ਮੈਂ ਆਪਣੇ ਸਹੁਰੇ ਦੇ ਪੈਰੀਂ ਹੱਥ ਲਾਉਣ ਲਈ ਝੁੱਕਿਆ ਤਾਂ ਉਸ ਨੇ ਮੇਰੇ ਮੂੰਹ ’ਤੇ ਲੱਤ ਮਾਰੀ ਜਿਸ ਨਾਲ ਮੈਂ ਡਿੱਗ ਪਿਆ। ਡਿੱਗਦੇ ਸਾਰ ਹੀ ਇਹ ਸਾਰੇ ਮੇਰੀ ਕੁੱਟ-ਮਾਰ ਕਰਨ ਲੱਗ ਪਏ। ਮੇਰੇ ਸਹੁਰੇ ਨੇ ਮੇਰੇ ਢਿੱਡ ਵਿੱਚ ਅਤੇ ਮੂੰਹ ’ਤੇ ਠੁਡੇ ਮਾਰੇ। ਮੇਰੇ ਸਾਲੇ ਨੇ ਮੇਰੀ ਦਸਤਾਰ ਲਾਹ ਦਿੱਤੀ ਅਤੇ ਮੈਨੂੰ ਕੇਸਾਂ ਤੋਂ ਫੜ੍ਹ ਲਿਆ। ਮੇਰੇ ਸਾਲੇ ਦੇ ਸਾਲੇ ਸ਼ੀਤਲ ਨੇ ਲੋਹੇ ਦੀ ਰਾਡ ਨਾਲ ਮੇਰੇ ਸਿਰ ’ਤੇ ਵਾਰ ਕੀਤੇ ਤੇ ਮੇਰੀ ਸੱਸ ਦੇ ਹੱਥ ਵਿੱਚ ਲੋਹੇ ਦੀ ਬਾਲਟੀ ਸੀ, ਜੋ ਉਸ ਨੇ ਕਈ ਵਾਰ ਮੇਰੀ ਪਿੱਠ ’ਤੇ ਮਾਰੀ। ਲਾਗੇ ਖੜ੍ਹੀ ਮੇਰੀ ਪਤਨੀ ਹਰਜੋਤ ਕੌਰ ਇਨ੍ਹਾਂ ਨੂੰ ਰੋਕਣ ਦੀ ਬਜਾਏ ਇਨ੍ਹਾਂ ਨੂੰ ਹੋਰ ਹੱਲਾਸ਼ੇਰੀ ਦੇ ਰਹੀ ਸੀ ਕਿ ਅੱਜ ਇਹ ਬਚ ਕੇ ਨਾ ਜਾਏ। ਕੁੱਟਦੇ ਹੋਏ ਇਹ ਲੋਕ ਮੈਨੂੰ, ਘਸੀਟਦੇ ਹੋਏ ਗਲੀ ਵਿੱਚ ਲੈ ਆਏ ਤੇ ਮੇਰੀ ਹੋਰ ਕੁੱਟਮਾਰ ਕੀਤੀ। ਸ਼ੀਤਲ ਨੇ ਮੇਰੇ ਸਿਰ ਦੇ ਪਿਛਲੇ ਪਾਸੇ ਲੋਹੇ ਦੀ ਰਾਡ ਨਾਲ ਕਈ ਵਾਰ ਕੀਤੇ, ਜਿਸ ਨਾਲ ਮੈਂ ਲਹੂ ਲੁਹਾਨ ਹੋ ਗਿਆ ਤੇ ਇਨ੍ਹਾਂ ਮੈਨੂੰ ਗਲੀ ਵਿੱਚ ਹੀ ਇੱਕ ਕੁਰਸੀ ’ਤੇ ਫੜ੍ਹ ਕੇ ਬਿਠਾ ਦਿੱਤਾ। ਸਿਰ ’ਤੇ ਸੱਟ ਲੱਗਣ ਕਾਰਨ ਗਲੀ ਵਿੱਚ ਥਾਂ ਥਾਂ ਲਹੂ ਡੁੱਲਿਆ ਹੋਇਆ ਸੀ, ਜਿਸ ਨੂੰ ਮੇਰੀ ਸੱਸ ਬਾਰ-ਬਾਰ ਬਾਲਟੀਆਂ ਵਿੱਚ ਪਾਣੀ ਭਰ ਕੇ ਸਾਫ ਕਰ ਰਹੀ ਸੀ। ਮੇਰਾ ਚੀਕ ਚਿਹਾੜਾ ਸੁਣ ਕੇ ਗਲੀ ਮੁਹੱਲੇ ਦੇ ਬਹੁਤ ਸਾਰੇ ਲੋਕ ਵੀ ਆ ਗਏ, ਪਰ ਇਨ੍ਹਾਂ ਤੋਂ ਡਰਦੇ ਕਿਸੇ ਨੇ ਮੈਨੂੰ ਨਹੀਂ ਛੁਡਾਇਆ। ਲਗਾਤਾਰ ਖੂਨ ਵੱਗਣ ਅਤੇ ਬਹੁਤ ਜ਼ਿਆਦਾ ਕੁੱਟਮਾਰਨ ਕਾਰਨ ਮੈਂ ਕੁਰਸੀ ’ਤੇ ਬੈਠੇ ਬੈਠੇ ਬੇਹੋਸ਼ ਹੋ ਗਿਆ ਅਤੇ ਜ਼ਮੀਨ ’ਤੇ ਡਿੱਗ ਪਿਆ।

ਉਸ ਸਾਰੀ ਕੁੱਟਮਾਰ ਦੇ ਦੌਰਾਨ ਮੇਰੇ ਸਹੁਰੇ ਘਰ ਦੇ ਅੰਦਰ ਅਤੇ ਬਾਹਰ ਗਲੀ ਵਿੱਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ, ਜਿਸ ਤੋਂ ਇਸ ਸਾਰੀ ਘਟਨਾ ਦੀ ਸਚਾਈ ਸਾਹਮਣੇ ਲਿਆਂਦੀ ਜਾ ਸਕਦੀ ਹੈ। ਮੇਰੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਉਨ੍ਹਾਂ ਕੈਮਰਿਆਂ ਦਾ ਰਿਕਾਰਡ ਤੁਰੰਤ ਆਪਣੇ ਕਬਜ਼ੇ ਵਿੱਚ ਲਿਆ ਜਾਵੇ ਕਿਉਕਿ ਮੈਨੂੰ ਡਰ ਹੈ ਕਿ ਉੱਕਤ ਸਾਰੇ ਵਿਅਕਤੀ ਉਨ੍ਹਾਂ ਕੈਮਰਿਆਂ ਦੀ ਰਿਕਾਰਡਿੰਗ ਵੀ ਡਿਲੀਟ ਕਰ ਸਕਦੇ ਹਨ।

ਬਾਅਦ ਵਿੱਚ ਕਿਸੇ ਨੇ ਮੇਰੇ ਸਿਰ ਵਿੱਚ ਪਾਣੀ ਪਾਇਆ ਜਿਸ ਨਾਲ ਮੈਨੂੰ ਕੁਝ ਹੋਸ਼ ਆਇਆ। ਮੈਂ ਪੈਦਲ ਹੀ ਟਾਂਡਾ ਰੋਡ ਫਾਟਕ ਪਹੁੰਚਿਆ ਤੇ ਉਥੋਂ ਆਟੋ ਲੈ ਕੇ ਸਿਵਲ ਹਸਪਤਾਲ ਗਿਆ ਅਤੇ ਆਪਣਾ ਮੈਡੀਕਲ ਮੁਆਇਨਾ ਕਰਾਇਆ। ਪਰ ਐਨੇ ਦਿਨਾਂ ਬਾਅਦ ਵੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਵੱਲੋਂ ਮੇਰੇ ਬਿਆਨ ਨਹੀਂ ਲਏ ਗਏ। ਮੇਰੀ ਮੀਡੀਆ ਦੇ ਰਾਹੀਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਮੇਰੇ ਉੱਤੇ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿਵਾਇਆ ਜਾਵੇ।

ਇਸ ਮੌਕੇ ਹਰਪਾਲ ਸਿੰਘ ਦੇ ਨਾਲ ਉਨ੍ਹਾਂ ਦੇ ਪਰਿਵਾਰ ਮੈਂਬਰ, ਪੰਜਾਬ ਯੂਥ ਆਰਗੇਨਾਈਜੇਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਜੋਗੀ, ਸੀਨੀਅਰ ਆਗੂ ਬਘੇਲ ਸਿੰਘ ਭਾਟੀਆ, ਅਸ਼ਵਨੀ ਸ਼ਰਮਾ ਟੀਟੂ, ਰਣਜੀਤ ਸਿੰਘ ਲੁਬਾਣਾ, ਦਿਨੇਸ਼ ਬਿੱਟਾ, ਗੁਰਦੀਪ ਸਿੰਘ ਰਾਜੂ ਸਮੇਤ ਬਹੁਤ ਸਾਰੇ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *