ਪੱਤਰਕਾਰਾਂ ਦੀਆਂ ਹੱਕੀ ਮੰਗਾਂ ਸਬੰਧੀ ਜਰਨਲਿਸਟ ਪ੍ਰੈੱਸ ਕਲੱਬ ਯੂਨਿਟ ਫਗਵਾੜਾ ਨੇ ਮੁੱਖ ਮੰਤਰੀ ਨੂੰ ਦਿੱਤਾ ਮੰਗ ਪੱਤਰ

  • By admin
  • November 29, 2021
  • 0
ਜਰਨਲਿਸਟ ਪ੍ਰੈੱਸ ਕਲੱਬ

ਫਗਵਾੜਾ, 29 ਨਵੰਬਰ (ਹਰੀਸ਼ ਭੰਡਾਰੀ)- ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫਗਵਾੜਾ ਇਕਾਈ ਦੇ ਪ੍ਰਧਾਨ ਡਾਕਟਰ ਰਮਨ ਸ਼ਰਮਾ ਦੀ ਅਗਵਾਈ ਹੇਠ ਇੱਕ ਵਫਦ ਜਿਸ ਵਿੱਚ ਜਨਰਲ ਸਕੱਤਰ ਕੁਲਦੀਪ ਸਿੰਘ ਨੂਰ, ਮੀਤ ਪ੍ਰਧਾਨ ਮਨਜੀਤ ਰਾਮ, ਕੈਸ਼ੀਅਰ ਵਿਵੇਕ ਮਰਵਾਹਾ ਸ਼ਾਮਲ ਹੋਏ ਜਿਨ੍ਹਾਂ ਵੱਲੋਂ ਪੰਜਾਬ ਭਰ ਦੇ ਪੱਤਰਕਾਰਾਂ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਅਤੇ ਹੱਕੀ ਮੰਗਾਂ ਨੂੰ ਜੋ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ ਸਬੰਧੀ ਇੱਕ ਮੰਗ ਪੱਤਰ ਸੂਬੇ ਦੇ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਆਖਿਆ ਕਿ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਕਾਫੀ ਸ਼ਲਾਘਾਯੋਗ ਹੈ ਜਿਨ੍ਹਾਂ ਨੇ ਥੋੜ੍ਹੇ ਸਮੇਂ ਦੇ ਵਿੱਚ ਹੀ ਹਰ ਵਰਗ ਨੂੰ ਪੂਰੀਆ ਸੁੱਖ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਮੀਦ ਤੋਂ ਵੱਧ ਕਾਰਗੁਜ਼ਾਰੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਤੋਂ ਜਰਨਲਿਸਟ ਪ੍ਰੈੱਸ ਕਲੱਬ ਰਜਿ. ਪੰਜਾਬ ਨੂੰ ਵੀ ਕਾਫੀ ਉਮੀਦਾਂ ਹਨ ਜੋ ਪੱਤਰਕਾਰਿਤਾ ਦੇ ਖੇਤਰ ਵਿੱਚ ਲੰਬੇ ਸਮੇਂ ਤੋਂ ਨਿਰਸਵਾਰਥ ਸੇਵਾ ਨਿਭਾਉਂਦੇ ਪੱਤਰਕਾਰਾਂ ਨੂੰ ਕਿਸੇ ਵੀ ਸਰਕਾਰ ਵੱਲੋਂ ਬਣਦਾ ਮਾਣ ਸਨਮਾਨ ਨਹੀਂ ਮਿਲ ਸਕਿਆ। ਆਗੂਆਂ ਨੇ ਕਿਹਾ ਕਿ ਜਿੱਥੇ ਪੱਤਰਕਾਰ ਭਾਈਚਾਰੇ ਵੱਲੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦਿਨ-ਰਾਤ ਕਰਕੇ ਦੁਨਿਆਵੀ ਪ੍ਰੇਸ਼ਾਨੀਆ ਆਪਣੀਆਂ ਅਖਬਾਰਾਂ ਰਾਹੀਂ ਸਰਕਾਰੇ-ਦਰਬਾਰੇ ਪਹੁੰਚਾਈਆਂ ਹਨ ਉੱਥੇ ਹੀ ਪੱਤਰਕਾਰਾਂ ਵੱਲੋਂ ਕੋਰੋਨਾ ਕਾਲ ਦੌਰਾਨ ਫਰੰਟ ਲਾਈਨ ਵਰਕਰਾਂ ਵਜੋਂ ਕੰਮ ਕਰਕੇ ਲੱਖਾਂ ਕੀਮਤੀ ਜਿੰਦਗੀਆਂ ਨੂੰ ਬਚਾਇਆ ਹੈ। ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਬੱਸ ਵਿੱਚ ਫ੍ਰੀ ਸਫਰ ਕਰਨ ਲਈ ਬੱਸ ਪਾਸ ਮੁਹੱਈਆ ਕਰਵਾਇਆ ਜਾਵੇ, ਸਕੂਲਾਂ ਵਿੱਚ ਪੱਤਰਕਾਰਾਂ ਦੇ ਪੜ੍ਹਦੇ ਬੱਚਿਆਂ ਨੂੰ ਮੁਫਤ ਵਿਦਿਆ ਦੀ ਸਹੂਲਤ ਦਿੱਤੀ ਜਾਵੇ, 65 ਸਾਲ ਦੀ ਉਮਰ ਤੋਂ ਬਾਅਦ ਪੱਤਰਕਾਰਾਂ ਨੂੰ ਜਿੱਥੇ ਪੈਨਸ਼ਨ ਲਗਾਈ ਜਾਵੇ ਤੇ ਸਿਹਤ ਬੀਮਾ 5 ਲੱਖ ਤੋਂ ਵਧਾਕੇ ਘੱਟੋ-ਘੱਟ 25 ਲੱਖ ਰੁਪਏ ਕੀਤਾ ਜਾਵੇ, ਪੱਤਰਕਾਰਾਂ ਨੂੰ 5-5 ਮਰਲੇ ਦੇ ਪਲਾਟ ਅਲਾਟ ਕੀਤੇ ਜਾਣ ਤਾਂ ਜੋ ਬੇਘਰ ਪੱਤਰਕਾਰ ਆਪਣੇ ਘਰਾਂ ਵਿੱਚ ਆਪਣੇ ਪਰਿਵਾਰ ਨਾਲ ਰਹਿ ਸਕਣ, ਇਸੇ ਤਰ੍ਹਾਂ ਸਰਕਾਰੀ ਨੌਕਰੀਆਂ ਵਿੱਚ ਪੱਤਰਕਾਰਾਂ ਦੇ ਬੱਚਿਆਂ ਲਈ ਸੀਟਾਂ ਰਾਖਵੀਆਂ ਕੀਤੀਆਂ ਜਾਣ। ਪੰਜਾਬ ਭਰ ਦੇ ਮਾਨਤਾ ਪ੍ਰਾਪਤ ਸਮੂਹ ਪੱਤਰਕਾਰਾਂ ਲਈ ਇਹ ਮੰਗ ਪੱਤਰ ਸੌਂਪਿਆ ਗਿਆ ਜਿਸਨੂੰ ਪ੍ਰਾਪਤ ਕਰਨ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਭਰੋਸਾ ਦਿਵਾਇਆ ਕਿ ਉਹ ਜਲਦ ਇਹਨਾਂ ਮੰਗਾਂ ਤੇ ਵਿਚਾਰ ਕਰਨਗੇ ਅਤੇ ਜੋ ਵੀ ਮੰਗਾਂ ਜਾਇਜ ਹੋਣਗੀਆਂ ਉਹਨਾਂ ਨੂੰ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ। ਇਸ ਮੌਕੇ ਚੇਅਰਮੈਨ ਧੰਨਪਾਲ ਸਿੰਘ ਪੰਚ, ਕਾਨੂੰਨੀ ਸਲਾਹਕਾਰ ਧੰਨਦੀਪ ਕੋਰ, ਕੋ ਚੇਅਰਮੈਨ ਬਲਵੀਰ ਬਹੂਆ, ਐਗਜੈਕਟਿਵ ਮੈਂਬਰ ਕਸਤੂਰੀ ਲਾਲ, ਆਦਿ ਤੋਂ ਵੱਡੀ ਗਿਣਤੀ ਵਿੱਚ ਅਹੁਦੇਦਾਰ ਹਾਜਰ ਸਨ!

Leave a Reply

Your email address will not be published. Required fields are marked *