
ਦੁਨੀਆਂ ਜਦੋਂ ਦੀ ਹੋਂਦ ਵਿੱਚ ਆਈ ਹੈ ਉਸ ਸਮੇਂ ਤੋਂ ਹੀ ਮਾਇਆ ਭਾਵ ਪੈਸੇ ਦਾ ਪ੍ਰਭਾਵ ਮਨੁੱਖਾਂ ਤੇ ਸਭ ਤੋਂ ਜ਼ਿਆਦਾ ਰਿਹਾ ਹੈ। ਇਸ ਦੇ ਪ੍ਰਭਾਵ ਹੇਠ ਹੀ ਲੋਕ ਆਪਣੇ ਕਰੀਬੀ ਰਿਸ਼ਤੇ ਨਾਤੇ ਭੁੱਲ ਕੇ ਕਈ ਗੱਲਤ ਕੰਮਾਂ ਨੂੰ ਵੀ ਇੰਜ਼ਾਮ ਦੇ ਦਿੰਦੇ ਹਨ। ਅੱਜ ਕੱਲ੍ਹ ਦੇ ਦੌਰ ਵਿੱਚ ਜਰੂਰੀ ਵੀ ਹੈ ਕਿਉਂਕਿ ਪੈਸੇ ਬਿਨਾਂ ਆਦਮੀ ਦੀ ਕੋਈ ਪਹਿਚਾਣ ਨਹੀਂ ਹੁੰਦੀ ਅਤੇ ਰੋਜ਼ ਮਰਹਾ ਦੀਆਂ ਜਰੂਰਤਾਂ ਵੀ ਪੈਸੇ ਬਿਨਾਂ ਪੂਰੀਆਂ ਕਰਨਾ ਵੀ ਕਾਫ਼ੀ ਮੁਸ਼ਕਲ ਹੈ। ਇਸ ਲਈ ਪੈਸੇ ਦੀ ਮਹੱਤਤਾ ਵੀ ਜੀਵਨ ਜੀਉਣ ਵਿੱਚ ਕਾਫ਼ੀ ਜਰੂਰੀ ਹੈ।
ਪਰ ਜੇਕਰ ਪੈਸੇ ਦੀ ਢੁੱਕਵੀਂ ਵਰਤੋਂ ਕੀਤੀ ਜਾਵੇ ਤਾਂ ਸਹੀ ਹੈ ਪਰ ਕਾਫ਼ੀ ਲੋਕ ਵਿਸ਼ਵਾਸ, ਭਾਈਚਾਰੇ ਅਤੇ ਆਪਸੀ ਰਿਸ਼ਤੇ ਨਾਤਿਆਂ ਨੂੰ ਵੀ ਪੈਸੇ ਨਾਲ ਹੀ ਤੋਲ ਕੇ ਵੇਖ ਰਹੇ ਹਨ, ਜਿਸ ਨਾਲ ਰਿਸ਼ਤੇ ਤਾਂ ਤਾਰੋ ਤਾਰ ਹੋ ਜਾਂਦੇ ਨੇ ਪਰ ਬਾਅਦ ਵਿੱਚ ਕੁੱਝ ਵੀ ਹੱਥ ਪੱਲੇ ਨਹੀਂ ਰਹਿੰਦਾ ਸਿਰਫ਼ ਤੇ ਸਿਰਫ਼ ਪਿਛਤਾਵੇ ਤੋਂ ਬਿਨਾਂ।
ਕਈ ਬਾਰ ਵੇਖਣ ਵਿੱਚ ਆਉਂਦਾ ਹੈ ਕਿ ਲੋਕ ਦੂਸਰੇ ਕੋਲ ਜ਼ਿਆਦਾ ਪੈਸਾ ਹੋਣ ਦੀ ਆਸ ਵਿੱਚ ਉਸ ਵਿਅਕਤੀ ਤੇ ਆਪਣੀ ਆਸ ਬਣਾ ਲੈਦੇਂ ਹਨ ਜਦੋਂ ਉਹ ਅਗਲਾ ਆਪਣੀ ਮਜਬੂਰੀ ਦੱਸਦਾ ਹੈ ਤਾਂ ਉਸ ਦਾ ਸਾਥ ਹੀ ਛੱਡ ਦਿੰਦੇ ਹਨ ਜੱਦਕਿ ਉਸ ਵੱਲੋਂ ਅੱਜ ਕੱਲ੍ਹ ਦੇ ਮਹਿੰਗਾਈ ਦੇ ਦੌਰ ਵਿੱਚ ਪਹਿਲਾਂ ਹੀ ਹਰੇਕ ਦਾ ਗੁਜਾਰਾ ਬੜੀ ਹੀ ਤੰਗੀ ਤੁਰਸੀ ਵਿੱਚ ਚੱਲ ਰਿਹਾ ਹੈ।
ਦੂਸਰਾ ਕਈ ਬਾਰ ਅਸੀਂ ਕਿਸੇ ਦੇ ਹਲਾਤਾਂ ਤੋਂ ਵਾਕਿਫ਼ ਹੋਏ ਬਿਨਾਂ ਹੀ ਉਸ ਤੇ ਬੋਝ ਪਾਉਂਦੇ ਰਹਿੰਦੇ ਹਾਂ ਤੇ ਆਪਣੀ ਮੰਗ ਨੂੰ ਜਾਇਜ ਠਹਿਰਾਉਂਦੇ ਹੋਏ ਉਸ ਤੇ ਬਰਕਰਾਰ ਰਹਿੰਦੇ ਹਾਂ ਜਿਸ ਨਾਲ ਅਗਲਾ ਬੰਦਾ ਕਾਫ਼ੀ ਨਿਮੋਸ਼ੀ ਦਾ ਸਾਹਮਣਾ ਕਰਦਾ ਹੈ ਅਤੇ ਕਈ ਬਾਰੇ ਅਸੀਂ ਉਸ ਦੀ ਮਜਬੂਰੀ ਨੂੰ ਨਾ ਸਮੱਝਦੇ ਹੋਏ ਉਸ ਨੂੰ ਮਾਨਸਿਕ ਪ੍ਰੇਸ਼ਾਨ ਕਰਦੇ ਹਾਂ ਤੇ ਉਸ ਨਾਲੋਂ ਆਪਣੇ ਰਿਸ਼ਤੇ ਵੀ ਤੋੜ ਲੈਂਦੇ ਹਾਂ। ਜੱਦਕਿ ਇਹ ਗੱਲਾਂ ਆਪਸੀ ਰਿਸ਼ਤਿਆਂ ਦੇ ਘਾਣ ਕਰਦੀਆਂ ਸਾਫ ਨਜ਼ਰ ਆਉਂਦੀਆਂ ਹਨ।
ਇਸ ਲਈ ਸਾਨੂੰ ਪੈਸੇ ਦੀ ਭਾਵਨਾ ਛੱਡ ਕੇ ਆਪਸੀ ਕੀਮਤੀ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮੱਝਣ ਦੀ ਬਹੁਤ ਲੋੜ ਹੈ ਤਾਂ ਜੋ ਸਮਾਜਿਕ ਰਿਸ਼ਤਿਆਂ ਦੀ ਹੋਂਦ ਬਰਕਾਰ ਰਹਿ ਸਕੇ ।
ਵਿਨੋਦ ਫ਼ਕੀਰਾ, ਸਟੇਟ ਐਵਾਰਡੀ, ਵਿਨੋਦ ਕੁਮਾਰ ਵਾਲੀ ਗਲੀ, ਆਰੀਆ ਨਗਰ, ਕਰਤਾਰਪੁਰ (ਜਲੰਧਰ), ਮੋ. 098721 97326