ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ

  • By admin
  • November 3, 2022
  • 0
ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸੰਸਾਰ ਤੇ ਆਉਣ ਤੋਂ ਪਹਿਲਾਂ ਲੋਕ ਅੰਧ ਵਿਸ਼ਵਾਸ ਅਤੇ ਕਰਮ ਕਾਂਡਾਂ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਸਨ। ਭਾਰਤੀ ਲੋਕਾਂ ਦੇ ਜ਼ਮੀਰ (ਅਣਖ) ਨੂੰ ਵਿਦੇਸ਼ੀ ਹਮਲਾਵਰਾਂ ਨੇ ਬਿਲਕੁਲ ਹੀ ਖ਼ਤਮ ਕਰ ਦਿੱਤਾ ਸੀ। ਮੁਗਲਾਂ ਦਾ ਰਾਜ ਹੋਣ ਕਰਕੇ ਹਿੰਦੂ ਕੌਮ ਦੱਬੀ ਕੁੱਚਲੀ ਪਈ ਸੀ। ਸਾਰੇ ਪਾਸੇ ਹੀ ਝੂਠ ਫਰੇਬ ਅਤੇ ਕੂੜ ਦਾ ਪਸਾਰਾ ਸੀ। ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਜਿਵੇਂ ਸੱਚ ਕਿੱਧਰੇ ਉੱਡ ਹੀ ਗਿਆ ਹੋਵੇ।ਜਿਸ ਸਬੰਧੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨੇ ਜੋ ਰੂਹਾਂ ਜਿਉਂਦੇ ਜੀ ਹੀ ਮਰ ਚੁੱਕੀਆਂ ਸਨ ਉਨ੍ਹਾਂ ਰੂਹਾਂ ਵਿੱਚ ਨਵਾਂ ਜੀਵਨ ਪਾਇਆ। ਉਸ ਸਮੇਂ ਆਮ ਲੋਕ ਧਰਮ ਦੇ ਅਖੌਤੀਆਂ ਦੇ ਦਬਾਅ ਥੱਲੇ ਦੱਬੇ ਹੋਏ ਸਨ। ਉਸ ਪਰਮ ਪਿਤਾ ਪਰਮਾਤਮਾ ਨੇ ਲੁਕਾਈ ਨੂੰ ਇਸ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਧਰਤੀ ਉੱਤੇ ਸਚਿਆਰ ਮਨੁੱਖਾਂ ਦਾ ਕਾਫ਼ਲਾ ਤਿਆਰ ਕਰਨ ਦੇ ਲਈ ਭੇਜਿਆ ।

ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਵਨਾਗਰੀ ਅਤੇ ਗਣਿਤ ਸਿੱਖਣ ਲਈ ਗੋਪਾਲ ਦਾਸ ਪਾਂਧੇ ਕੋਲ, ਸੰਸਕ੍ਰਿਤ ਦੀ ਤਲੀਮ ਲੈਣ ਲਈ ਪੰਡਿਤ ਬ੍ਰਿਜ ਲਾਲ ਅਤੇ ਫ਼ਾਰਸੀ ਸਿੱਖਣ ਲਈ ਮੌਲਵੀ ਕੁਤਬੁੱਦੀਨ ਕੋਲ ਭੇਜਿਆ ਗਿਆ। ਗੁਰੂ ਨਾਨਕ ਦੇਵ ਜੀ ਨੂੰ ਜੋ ਵੀ ਸਬਕ ਉਨ੍ਹਾਂ ਵੱਲੋਂ ਪੜ੍ਹਾਇਆ ਜਾਂਦਾ ਸੀ ਉਹ ਤੁਰੰਤ ਯਾਦ ਕਰ ਲੈਂਦੇ ਅਤੇ ਪੜ੍ਹਾਉਣ ਵਾਲਿਆਂ ਕੋਲੋਂ ਅਜਿਹੇ ਸਵਾਲ ਪੁੱਛੇ ਜਿਨ੍ਹਾਂ ਦਾ ਜਵਾਬ ਉਨ੍ਹਾਂ ਕੋਲ ਵੀ ਨਹੀਂ ਹੁੰਦਾ ਸੀ। ਉਨ੍ਹਾਂ ਦੀ ਸੋਝੀ ਨੂੰ ਪੜ੍ਹਾਉੁਣ ਵਾਲਿਆਂ ਨੇ ਪਹਿਲਾਂ ਹੀ ਪਹਿਚਾਣ ਲਿਆ ਸੀ।

ਜਿਸ ਵੇਲੇ ਗੁਰੂ ਜੀ ਦੀ ਉਮਰ 9 ਸਾਲ ਦੀ ਹੋਈ

ਜਿਸ ਵੇਲੇ ਗੁਰੂ ਜੀ ਦੀ ਉਮਰ 9 ਸਾਲ ਦੀ ਹੋਈ ਤਾਂ ਪਰਿਵਾਰ ਨੇ ਪ੍ਰੋਹਿਤ ਹਰਦਿਆਲ ਨਾਲ ਸਲਾਹ ਕਰਕੇ ਜਨੇਊ ਪਾਉਣ ਦਾ ਦਿਨ ਨਿਸ਼ਚਿਤ ਕਰ ਲਿਆ ਅਤੇ ਨਿਰਧਾਰਿਤ ਕੀਤੇ ਹੋਏ ਦਿਨ ਤੇ ਸਾਰੇ ਰਿਸ਼ਤੇਦਾਰ ਅਤੇ ਭਾਈਚਾਰੇ ਦੇ ਲੋਕਾਂ ਦੇ ਆਉਣ ਤੇ ਪ੍ਰੋਹਿਤ ਪੂਜਾ ਪਾਠ ਕਰਕੇ ਜਨੇਊ ਪਾਉਣ ਲੱਗਾ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਜਨੇਊ ਪਹਿਲਾਂ ਮੇਰੀ ਮਾਤਾ ਜੀ ਨੂੰ ਪਹਿਨਾਇਆ ਜਾਵੇ ਪਰ ਪ੍ਰੋਹਿਤ ਨੇ ਮਾਤਾ ਜੀ ਨੂੰ ਜਨੇਊ ਪਹਿਨਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਔਰਤਾਂ ਨੂੰ ਜਨੇਊ ਨਹੀਂ ਪਹਿਨਾਇਆ ਜਾਂਦਾ।

ਫਿਰ ਗੁਰੂ ਜੀ ਨੇ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਜਨੇਊ ਪਹਿਨਾਉਣ ਲਈ ਕਿਹਾ ਪਰ ਉਸ ਨੂੰ ਵੀ ਨੀਵੀਂ ਜਾਤ ਨਾਲ ਸਬੰਧਤ ਹੋਣ ਕਰਕੇ ਜਨੇਊ ਪਹਿਨਾਉਣ ਤੋਂ ਮਨ੍ਹਾਂ ਕਰ ਦਿੱਤਾ ਇਹ ਸੁਣ ਕੇ ਗੁਰੂ ਜੀ ਨੇ ਆਪ ਵੀ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਨੇ ਕਿਹਾ ਕਿ ਜਿਹੜਾ ਜਨੇਊ ਮਨੁੱਖਾਂ ਵਿੱਚ ਵੰਡੀਆਂ ਪਾਉਂਦਾ ਹੋਵੇ, ਅਜਿਹਾ ਜਨੇਊ ਉਹ ਕਦੇ ਨਹੀਂ ਪਹਿਨਣਗੇ। ਉਨ੍ਹਾਂ ਦਾ ਮਨੋਰਥ ਤਾਂ ਸਾਰੀ ਲੋਕਾਈ ਨੂੰ ਆਪਸ ਵਿੱਚ ਜੋੜਨਾ ਹੈ ਨਾ ਕਿ ਵੰਡੀਆਂ ਪਾਉਣਾ।ਗੁਰੂ ਜੀ ਵੱਲੋਂ ਜਿਸ ਜਨੇਊ ਦੀ ਮੰਗ ਕੀਤੀ ਉਸ ਬਾਰੇ ਗੁਰੂ ਜੀ ਫ਼ਰਮਾਉਂਦੇ ਹਨ:

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥

ਇਸ ਤਰ੍ਹਾਂ ਸਦੀਆਂ ਤੋਂ ਚੱਲੀ ਆ ਰਹੀ ਮਰਿਯਾਦਾ ਨੂੰ ਮੰਨਣ ਤੋਂ ਇਨਕਾਰ ਕਰਨ ਦਾ ਹੌਂਸਲਾ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ ਸੀ। ਉਨ੍ਹਾਂ ਦੇ ਇਨਕਾਰ ਕਰਨ ਦਾ ਢੰਗ ਵੀ ਲੜਾਈ ਝਗੜੇ ਦੀ ਬਜਾਏ ਤਰਕ ਭਰਪੂਰ ਸੀ।

ਆਪ ਜੀ ਦੇ ਪਿਤਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਿਸੇ ਕੰਮ ਧੰਦੇ ਵਿਚ ਲਗਾਉਣਾ ਚਾਹੁੰਦੇ ਸਨ

ਆਪ ਜੀ ਦੇ ਪਿਤਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਿਸੇ ਕੰਮ ਧੰਦੇ ਵਿਚ ਲਗਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਵੀਹ ਰੁਪਏ ਦਿੱਤੇ ਅਤੇ ਕੋਈ ਲਾਹੇ ਦਾ ਸੌਦਾ ਕਰਨ ਲਈ ਕਿਹਾ। ਗੁਰੂ ਜੀ ਪੈਸੇ ਲੈ ਕੇ ਘਰ ਤੋਂ ਚੱਲ ਪਏ। ਰਸਤੇ ਵਿੱਚ ਉਨ੍ਹਾਂ ਨੂੰ ਕੁੱਝ ਸਾਧੂ ਮਿਲੇ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਤੇ ਗੁਰੂ ਜੀ ਨੂੰ ਪਤਾ ਲੱਗਾ ਕਿ ਉਹ ਸਾਧੂ ਕਈ ਦਿਨਾਂ ਤੋਂ ਭੁੱਖੇ ਹਨ। ਗੁਰੂ ਜੀ ਨੇ ਆਪਣੇ ਪੈਸਿਆਂ ਨਾਲ ਉਨ੍ਹਾਂ ਨੂੰ ਰਾਸ਼ਨ ਲੈ ਦਿੱਤਾ। ਖਾਲੀ ਹੱਥ ਘਰ ਪਰਤਣ ਤੇ ਪਿਤਾ ਜੀ ਗੁਰੂ ਜੀ ਨਾਲ ਬਹੁਤ ਗੁੱਸੇ ਹੋਏ। ਪਰ ਗੁਰੂ ਜੀ ਨੇ ਕਿਹਾ ਕਿ ਉਹ ਤਾਂ ਸੱਚਾ ਸੌਦਾ ਕਰ ਕੇ ਆਏ ਹਨ।

ਜਦੋਂ ਗੁਰੂ ਜੀ ਦੀ ਉਮਰ 18 ਸਾਲ ਦੀ ਹੋਈ ਤਾਂ ਆਪ ਜੀ ਦਾ ਵਿਆਹ ਬਟਾਲਾ ਨਿਵਾਸੀ, ਭਾਈ ਮੂਲ ਚੰਦ ਜੀ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਹੋਇਆ। ਆਪ ਜੀ ਦੇ ਘਰ ਦੋ ਪੁੱਤਰਾਂ ਪਹਿਲੇ ਬਾਬਾ ਸ੍ਰੀ ਚੰਦ ਜੀ ਅਤੇ ਦੂਜੇ ਲਖਮੀ ਦਾਸ ਜੀ ਦਾ ਜਨਮ ਹੋਇਆ।

ਸਮਾਜ ਵਿੱਚ ਸੁਧਾਰ ਕਰਨ ਲਈ ਆਪ ਨੇ ਚਾਰ ਲੰਮੀਆਂ ਯਾਤਰਾਵਾਂ ਕੀਤੀਆਂ। ਇਨ੍ਹਾਂ ਦੌਰਾਨ ਆਪ ਜੀ ਇਰਾਕ, ਈਰਾਨ, ਅਫਗਾਨਿਸਤਾਨ, ਪਾਕਿਸਤਾਨ, ਸ੍ਰੀਲੰਕਾ, ਤਿੱਬਤ, ਆਸਾਮ, ਬੰਗਾਲ, ਕਸ਼ਮੀਰ, ਪੰਜਾਬ ਅਤੇ ਭਾਰਤ ਦੇ ਵੱਖਵੱਖ ਇਲਾਕਿਆਂ ਵਿੱਚ ਗਏ।ਆਪ ਜੀ ਹਿੰਦੂਆਂ, ਬੋਧੀਆਂ, ਜੈਨੀਆਂ, ਯੋਗੀਆਂ, ਸੂਫੀਆਂ ਅਤੇ ਮੁਸਲਮਾਨਾਂ ਦੇ ਵੱਡੇਵੱਡੇ ਧਰਮ ਅਸਥਾਨਾਂ ਅਤੇ ਡੇਰਿਆਂ ਆਦਿ ਤੇ ਗਏ। ਉੱਥੇ ਆਪ ਜੀ ਨੇ ਵਿਦਵਾਨਾਂ, ਪ੍ਰਚਾਰਕਾਂ, ਸਾਧਕਾਂ ਅਤੇ ਆਮ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਸੱਚ ਦੇ ਮਾਰਗ ਤੇ ਤੋਰਿਆ। ਇਨ੍ਹਾਂ ਉਦਾਸੀਆਂ ਦੌਰਾਨ ਆਪ ਜੀ ਨੇ ਮਲਕ ਭਾਗੋ, ਵੈਸ਼ਨਵ ਸਾਧ, ਕਲਯੁਗ ਪਾਂਡੇ, ਸੱਜਣ ਠੱਗ ਅਤੇ ਵਲੀ ਕੰਧਾਰੀ ਜਿਹੇ ਅਨੇਕਾਂ ਭੁੱਲੇ ਭਟਕੇ ਲੋਕਾਂ ਦਾ ਉਧਾਰ ਕੀਤਾ।

ਗੁਰੂ ਨਾਨਕ ਦੇਵ ਜੀ ਪਹਿਲੇ ਐਸੇ ਮਹਾਂਪੁਰਸ ਸਨ ਜਿਨ੍ਹਾਂ ਨੇ……

ਗੁਰੂ ਨਾਨਕ ਦੇਵ ਜੀ ਪਹਿਲੇ ਐਸੇ ਮਹਾਂਪੁਰਸ ਸਨ ਜਿਨ੍ਹਾਂ ਨੇ ਸਮਾਜ ਦੇ ਵੱਖਵੱਖ ਵਰਗਾਂ ਅਤੇ ਅਖੌਤੀ ਧਰਮੀ ਅਲੰਬਰਦਾਰਾਂ ਵੱਲੋਂ ਔਰਤ ਦੀ ਕੀਤੀ ਦੁਰਦਸ਼ਾ ਤੋਂ ਔਰਤ ਨੂੰ ਆਜ਼ਾਦ ਕਰਾਉਣ ਲਈ ਪਹਿਲੀ ਆਵਾਜ਼ ਉਠਾਈ। ਇਹ ਉਹ ਸਮਾਂ ਸੀ ਜਿਸ ਵਕਤ ਉਸ ਸਮੇਂ ਦੇ ਸਾਰੇ ਧਰਮ ਵਿਚਾਰਧਾਰਾਵਾਂ ਔਰਤ ਨੂੰ ਕਮਜ਼ੋਰ, ਨਿਰਬਲ ਅਤੇ ਅਪਵਿੱਤਰ ਸਮਝਦੀਆਂ ਸਨ। ਔਰਤ ਉੱਪਰ ਪਾਬੰਦੀਆਂ ਇੱਥੋਂ ਤੱਕ ਸਨ ਕਿ ਉਹ ਕਿਸੇ ਵਿੱਦਿਆ ਦੇ ਸਥਾਨ ਤੇ ਜਾ ਕੇ ਨਾ ਵਿੱਦਿਆ ਗ੍ਰਹਿਣ ਕਰ ਸਕਦੀ ਸੀ ਅਤੇ ਨਾ ਹੀ ਕਿਸੇ ਧਰਮ ਸਥਾਨ ਤੇ ਜਾ ਕੇ ਪ੍ਰਮਾਤਮਤਾ ਦਾ ਨਾਮ ਜਪ ਸਕਦੀ ਸੀ।

ਉਸ ਨੂੰ ਅਪਵਿੱਤਰ ਜਾਣ ਕੇ ਦੁਰਕਾਰਿਆ ਜਾਂਦਾ ਸੀ। ਸਮਾਜ ਦੀ ਇਸ ਵੱਡੀ ਕੁਰੀਤੀ ਦੇ ਖ਼ਿਲਾਫ਼ ਆਵਾਜ਼ ਉਠਾਉਣਾ ਉਸ ਵੇਲੇ ਬਹੁਤ ਹੀ ਔਖਾ ਸੀ। ਪਰ ਗੁਰੂ ਸਾਹਿਬ ਜੀ ਅਜਿਹੇ ਯੋਧੇ ਸਨ ਜਿਨ੍ਹਾਂ ਨੇ ਉਸ ਸਮੇਂ ਦੇ ਧਰਮੀ ਲੰਬਰਦਾਰਾਂ ਦੇ ਨਾਲ ਟੱਕਰ ਲਈ ਅਤੇ ਔਰਤ ਦੀ ਅਜ਼ਾਦੀ ਲਈ ਵੱਡਾ ਸੰਘਰਸ ਅਰੰਭ ਕੀਤਾ। ਗੁਰੂ ਜੀ ਬਾਣੀ ਵਿੱਚ ਫ਼ਰਮਾਉਂਦੇ ਹਨ:

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਹਨਤ ਅਤੇ ਵੱਡੀ ਸਮਾਜਿਕ ਚੇਤਨਾ ਪੈਦਾ ਕਰਨ ਦਾ ਨਤੀਜਾ ਹੀ ਹੈ ਕਿ ਅੱਜ ਬੱਚੀਆਂ ਵਿਸ਼ਵ ਭਰ ਵਿੱਚ ਵੱਖੋਵੱਖਰੇ ਖੇਤਰਾਂ ਵਿੱਚ ਵੱਡੀਆਂ ਪੁਲਾਘਾ ਪੁੱਟ ਰਹੀਆਂ ਹਨ। ਔਰਤ ਜਾਤੀ ਉੱਪਰ ਗੁਰੂ ਜੀ ਦੇ ਇਸ ਉਪਕਾਰ ਲਈ ਇਹ ਸੰਸਾਰ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ। ਜਿਵੇਂਜਿਵੇਂ ਔਰਤਾਂ ਤਰੱਕੀ ਕਰਨਗੀਆਂ ਉਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਸਾਡੇ ਹਿਰਦਿਆਂ ਦੇ ਵਿੱਚ ਹੋਰ ਪ੍ਰਪੱਕ ਹੋਵੇਗੀ ਕਿਉਂਕਿ ਗੁਰੂ ਜੀ ਵੱਲੋਂ ਔਰਤਾਂ ਦੀ ਅਜ਼ਾਦੀ ਲਈ ਉਠਾਈ ਅਵਾਜ਼ ਸਦਕਾ ਹੀ ਉਹ ਇਨ੍ਹਾਂ ਬੁਲੰਦੀਆਂ ਨੂੰ ਛੂਹਣ ਦੇ ਯੋਗ ਹੋ ਸਕੀਆਂ ਹਨ।

ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਨਾਂ ਦਾ ਨਗਰ ਵਸਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਨਾਂ ਦਾ ਨਗਰ ਵਸਾਇਆ । ਆਪ ਜੀ ਨੇ ਆਪਣੀ ਸੰਸਾਰਿਕ ਯਾਤਰਾ ਦੇ ਆਖਰੀ 18 ਸਾਲ ਕਰਤਾਰਪੁਰ ਸਾਹਿਬ ਵਿਖੇ ਹੱਥੀਂ ਕਿਰਤ ਕਰਦਿਆਂ ਬਤੀਤ ਕੀਤੇ ਅਤੇ ਉੱਤਮ ਖੇਤੀ ਦੀ ਨੀਂਹ ਰੱਖੀ। ਸ੍ਰੀ ਗੁਰੂ ਨਾਨਕ ਦੇਵ ਜੀ 7 ਅੱਸੂ 1596 ਬਿ. ਨੂੰ ਆਪ ਜੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਜੋਤੀਜੋਤ ਸਮਾ ਗਏ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਾਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦੀ ਪ੍ਰੇਰਨਾ ਮਿਲਦੀ ਹੈ। ਗੁਰੂ ਜੀ ਨੇ ਸਾਨੂੰ ਅੰਧਵਿਸ਼ਵਾਸਾਂ, ਕਰਮਕਾਂਡਾਂ ਅਤੇ ਪਖੰਡਾ ਆਦਿ ਵਿੱਚੋਂ ਕੱਢ ਕੇ ਇੱਕ ਅਕਾਲ ਪੁਰਖ ਨਾਲ ਜੋੜਿਆ। ਗੁਰੂ ਜੀ ਨੇ ਤਨ ਦੀ ਸੁੰਦਰਤਾ ਨਾਲੋਂ ਮਨ ਦੀ ਸੁੰਦਰਤਾ ਨੂੰ ਵਧਾਉਣ ਅਤੇ ਹਰ ਪਲ ਉਸ ਇੱਕ ਅਕਾਲ ਪੁਰਖ ਦੀ ਯਾਦ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਆਪਣੀਆਂ ਜਿੰਮੇਵਾਰੀਆਂ ਨੂੰ ਨੇਕ ਨੀਤੀ ਨਾਲ ਨਿਭਾਉਣ ਦੀ ਸਿੱਖਿਆ ਦਿੱਤੀ। ਆਓ ਸਾਰੇ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰੀਏ ਤੇ ਉਸ ਅਕਾਲ ਪੁਰਖ ਦੀ ਰਜਾ ਵਿੱਚ ਸਦਾਂ ਹੀ ਰਾਜੀ ਰਹਇਏ।

-ਵਿਨੋਦ ਫ਼ਕੀਰਾ, ਸਟੇਟ ਐਵਾਰਡੀ,
ਲੇਖਕ ਪੰਜਾਬੀ ਭਾਸ਼ਾ ਵਿਭਾਗ,ਪਟਿਆਲਾ,ਪੰਜਾਬ ਅਤੇ ਪੰਜਾਬੀ ਸਾਹਿਤਕ ਅਕਦਮੀ, ਹਰਿਆਣਾ,ਪੰਚਕੂਲਾ,
ਵਿਨੋਦ ਕੁਮਾਰ ਵਾਲੀ ਗਲੀ, ਆਰੀਆ ਨਗਰ, ਕਰਤਾਰਪੁਰ (ਜਲੰਧਰ), ਮੋ.098721 97326

Leave a Reply

Your email address will not be published. Required fields are marked *