
ਜਲੰਧਰ 22 ਮਈ (ਜਸਵਿੰਦਰ ਸਿੰਘ ਆਜ਼ਾਦ)- ਵਾਰਡ ਨੰਬਰ 4 ਦੇ ਖੇਤਰ ਵਿੱਚ ਆਬਾਦੀ ਦੇ ਵਧਦੇ ਦਬਾਅ ਕਾਰਨ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਨੂੰ ਦੇਖਦੇ ਹੋਏ ਨਵਾਂ ਟਿਊਬਵੈੱਲ ਲਗਵਾਉਣ ਸਬੰਧੀ ਇੱਕ ਮੰਗ ਪੱਤਰ ਆਮ ਆਦਮੀ ਪਾਰਟੀ ਦੇ ਹਲਕਾ ਜਲੰਧਰ ਉੱਤਰੀ ਦੇ ਇੰਚਾਰਜ ਸ਼੍ਰੀ ਦਿਨੇਸ਼ ਢੱਲ ਨੂੰ ਸੌਂਪਿਆ ਗਿਆ।
ਜਾਣਕਾਰੀ ਦਿੰਦੇ ਹੋਏ ਆਪ ਦੇ ਵਾਰਡ ਪ੍ਧਾਨ ਮਨੋਜ ਮਿਸ਼ਰਾ ਨੇ ਦੱਸਿਆ ਕਿ ਸੀਨੀਅਰ ਪੱਤਰਕਾਰ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੰਧੂ ਰੇਰੂ ਦੀ ਅਗਵਾਈ ਹੇਠ ਸਥਾਨਕ ਨਿਊ ਬੇਚਿੰਤ ਨਗਰ ਵਾਸੀਆਂ ਦਾ ਇੱਕ ਵਫਦ ਸ਼੍ਰੀ ਦਿਨੇਸ਼ ਢੱਲ ਨੂੰ ਮਿਲਿਆ ਅਤੇ ਸਮੂਹ ਇਲਾਕਾ ਨਿਵਾਸੀ ਵਾਰਡ ਨੰਬਰ 4, ਮੁਹੱਲਾ ਰੇਰੂ ਬਚਿੰਤ ਨਗਰ, ਨਿਊ ਬੇਚਿੰਤ ਨਗਰ, ਪਰਸੂਰਾਮ ਨਗਰ ਅਤੇ ਹਰਗੋਬਿੰਦ ਨਗਰ ਵਲੋਂ ਮੰਗ ਪੱਤਰ ਸੌਂਪਿਆ ਗਿਆ।
ਇਸ ਮੰਗ ਪੱਤਰ ਵਿੱਚ ਦੱਸਿਆ ਗਿਆ ਕਿ ਸ਼ਹਿਰ ਦੇ ਬਾਹਰੀ ਖੇਤਰ ਵਿੱਚ ਇੰਡਸਟਰੀਜ਼ ਏਰੀਆ ਅਤੇ ਟਰਾਂਸਪੋਰਟ ਨਗਰ ਵਿੱਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਹਜਾਰਾਂ ਲੋਕ ਰੋਜਗਾਰ ਲਈ ਆ ਰਹੇ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਲੋਕ ਕਿਰਾਏਦਾਰਾਂ ਅਤੇ ਨਵੀਆਂ ਉੱਸਰ ਰਹੀਆਂ ਕਲੋਨੀਆਂ ਵਿੱਚ ਆਪਣੇ ਮਕਾਨ ਖਰੀਦ ਕੇ ਵਸੇਬਾ ਕਰ ਰਹੇ ਹਨ। ਇਸ ਕਾਰਨ ਵਾਰਡ ਨੰਬਰ 4 ਦੇ ਰੇਰੂ, ਬੇਚਿੰਤ ਨਗਰ, ਨਿਊ ਬੇਚਿੰਤ ਨਗਰ, ਪਰਸੂਰਾਮ ਨਗਰ, ਹਰਗੋਬਿੰਦ ਨਗਰ ਆਦਿ ਵਿੱਚ ਆਬਾਦੀ ਤੇਜੀ ਨਾਲ ਵਧ ਰਹੀ ਹੈ। ਪਰ ਨਗਰ ਨਿਗਮ ਵਲੋਂ ਕੀਤੇ ਗਏ ਮੌਜੂਦਾ ਸਾਧਨਾਂ ਰਾਹੀਂ ਪੀਣ ਵਾਲੇ ਪਾਣੀ ਦੀ ਲੋੜੀਂਦੀ ਸਪਲਾਈ ਸੰਭਵ ਨਹੀਂ ਹੈ।
ਗਰਮੀ ਦੇ ਇਸ ਮੌਸਮ ਵਿੱਚ ਤਾਂ ਪਾਣੀ ਦੀ ਭਾਰੀ ਕਿੱਲਤ ਦਰਪੇਸ਼ ਹੈ ਜਿਸ ਕਾਰਨ ਮੋਟਰਾਂ ਖਰਾਬ ਰਹਿਣ ਕਾਰਨ ਇਲਾਕਾ ਨਿਵਾਸੀ ਕਈ ਕਈ ਦਿਨਾਂ ਤੱਕ ਪੀਣ ਵਾਲੇ ਪਾਣੀ ਤੋਂ ਵਾਂਝੇ ਰਹਿਣ ਲਈ ਮਜ਼ਬੂਰ ਹਨ। ਇਲਾਕੇ ਦੇ ਹਜਾਰਾਂ ਘਰਾਂ ਵਿੱਚ ਪਾਣੀ ਨਿਰਵਿਘਨ ਨਹੀਂ ਪੁੱਜਦਾ ਅਤੇ ਪਾਣੀ ਦਾ ਪਰੈਸ਼ਰ ਘੱਟ ਹੋਣ ਕਾਰਣ ਗਰੀਬ ਲੋਕ ਜਿਨ੍ਹਾਂ ਦੇ ਘਰਾਂ ਵਿੱਚ ਟਿੱਲੂ ਪੰਪ ਲਗਵਾਉਣ ਦੀ ਸਮਰੱਥਾ ਨਹੀਂ ਹੈ ਉਨ੍ਹਾਂ ਦੇ ਮਾਸੂਮ ਬੱਚੇ ਅਤੇ ਬਜੁਰਗ ਅੱਤ ਦੀ ਗਰਮੀ ਵਿੱਚ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ।
ਸ਼੍ਰੀ ਦਿਨੇਸ਼ ਢੱਲ ਨੇ ਵਫਦ ਦੀ ਗੱਲ ਨੂੰ ਬੜੇ ਗਹੁ ਨਾਲ ਸੁਣਨ ਤੋਂ ਬਾਅਦ ਸਬੰਧਤ ਨਿਗਮ ਅਧਿਕਾਰੀਆਂ ਨਾਲ ਇਸ ਵਿਸ਼ੇ ਉੱਪਰ ਗੱਲਬਾਤ ਕੀਤੀ
ਸ਼੍ਰੀ ਦਿਨੇਸ਼ ਢੱਲ ਨੇ ਵਫਦ ਦੀ ਗੱਲ ਨੂੰ ਬੜੇ ਗਹੁ ਨਾਲ ਸੁਣਨ ਤੋਂ ਬਾਅਦ ਸਬੰਧਤ ਨਿਗਮ ਅਧਿਕਾਰੀਆਂ ਨਾਲ ਇਸ ਵਿਸ਼ੇ ਉੱਪਰ ਗੱਲਬਾਤ ਕੀਤੀ ਅਤੇ ਦੱਸਿਆ ਕਿ ਬੇਸ਼ੱਕ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਨਗਰ ਨਿਗਮ ਵਲੋਂ ਕੁਝ ਸਮਾਂ ਪਹਿਲਾਂ ਹੀ ਵਾਰਡ ਨੰਬਰ 4 ਵਿੱਚ ਨਵਾਂ ਪੰਪ ਲਗਵਾਇਆ ਗਿਆ ਹੈ ਪਰ ਉਸ ਦੀਆਂ ਪਾਈਪਾਂ ਦਾ ਯੋਗ ਢੰਗ ਨਾਲ ਕੁਨੈਕਸ਼ਨ ਲਟਕਦਾ ਹੀ ਆ ਰਿਹਾ ਹੈ। ਪਰ ਹੁਣ ਦਿਨੇਸ਼ ਢੱਲ ਦੇ ਆਦੇਸ਼ਾਂ ਅਨੁਸਾਰ ਅਧਿਕਾਰੀਆਂ ਨੇ ਆਉਂਦੇ ਦੋ ਤਿੰਨ ਦਿਨ ਅੰਦਰ ਰਹਿੰਦਾ ਵਿਕਾਸ ਕਾਰਜ ਮੁਕੰਮਲ ਕਰਵਾ ਕੇ ਇਲਾਕਾ ਵਾਸੀਆਂ ਨੂੰ ਰਾਹਤ ਪ੍ਦਾਨ ਕੀਤੀ ਜਾਵੇਗੀ।
ਦਿਨੇਸ਼ ਢੱਲ ਨੇ ਵਫਦ ਵਿੱਚ ਸ਼ਾਮਿਲ ਗੁਰਪ੍ਰੀਤ ਸਿੰਘ ਸੰਧੂ, ਮਨੋਜ ਮਿਸ਼ਰਾ, ਜੀਵਨ ਸ਼ਰਮਾ, ਅਵਿਨਾਸ਼ ਮਿਸ਼ਰਾ ਅਤੇ ਹੋਰ ਇਲਾਕਾ ਵਾਸੀਆਂ ਨੂੰ ਵਿਸ਼ਵਾਸ ਦੁਆਇਆ ਕਿ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਲੋਕਾਂ ਨੂੰ ਸਮੇਂ ਸਿਰ ਬਣਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਕੋਈ ਕੋਰ ਕਸਰ ਬਾਕੀ ਨਹੀਂ ਛੱਡੇਗੀ।