ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਐੱਸ ਐੱਸ ਪੀ ਦੇ ਦਫ਼ਤਰ ਦੇ ਘੇਰਾਓ ਦੀਆਂ ਮੁਕੰਮਲ ਤਿਆਰੀਆਂ: ਪੀਟਰ, ਘੁੱਗਸ਼ੋਰ

  • By admin
  • October 16, 2021
  • 0
ਐੱਸ ਐੱਸ ਪੀ

ਮਾਮਲਾ: ਐੱਸ.ਸੀ. ਪਰਿਵਾਰਾਂ ਉੱਤੇ ਹਮਲੇ ਸੰਬੰਧੀ ਐੱਸ ਸੀ, ਐੱਸ ਟੀ ਐਕਟ ਤਹਿਤ ਕਾਰਵਾਈ ਨਾ ਕਰਨ ਦਾ

ਜਲੰਧਰ 16 ਅਕਤੂਬਰ (ਜਸਵਿੰਦਰ ਸਿੰਘ ਆਜ਼ਾਦ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ 18 ਅਕਤੂਬਰ ਨੂੰ ਐੱਸ ਐੱਸ ਪੀ ਬਟਾਲਾ ਦਫ਼ਤਰ ਦੇ ਕੀਤੇ ਜਾ ਰਹੇ ਘਿਰਾਓ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹਨ। ਘੇਰਾਓ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੇਂਡੂ ਮਜ਼ਦੂਰ ਅਤੇ ਔਰਤਾਂ ਕਾਫ਼ਲਿਆਂ ਦੇ ਰੂਪ ਵਿੱਚ ਸ਼ਮੂਲੀਅਤ ਕਰਨੀਆਂ।

ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਿੰਡ ਮਸਾਣੀਆਂ ਬਲਾਕ ਬਟਾਲਾ ਜ਼ਿਲਾ ਗੁਰਦਾਸਪੁਰ ਵਿਖੇ ਐੱਸ ਸੀ ਪਰਿਵਾਰਾਂ ਲਈ ਰਾਖਵੇਂ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਕੀਤੀ ਗਈ ਫਰਜ਼ੀ ਬੋਲੀ ਵਿਰੁੱਧ ਪੰਚਾਇਤੀ ਜ਼ਮੀਨ ਵਿੱਚ ਧਰਨਾ ਲਗਾ ਕੇ ਰੋਸ ਵਜੋਂ ਬੈਠੈ ਐੱਸ ਸੀ ਪਰਿਵਾਰਾਂ ਉੱਤੇ ਜਾਨਲੇਵਾ ਹਮਲਾ ਕਰਨ ਤੇ ਜਾਤੀ ਉਤਪੀੜਨ ਕਰਨ ਦੇ ਮਾਮਲੇ ਵਿੱਚ ਇਰਾਦਾ ਕਤਲ, ਐੱਸ ਸੀ, ਐੱਸ ਟੀ ਐਕਟ ਅਤੇ ਔਰਤਾਂ ਨਾਲ ਵਧੀਕੀ ਕਰਨ ਸੰਬੰਧੀ ਬਣਦੀਆਂ ਸਖ਼ਤ ਧਰਾਵਾਂ ਤਹਿਤ ਜੁਰਮ ਵਾਧਾ ਕਰਕੇ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਪੀੜਤਾਂ ਵਿਰੁੱਧ ਸਿਆਸੀ ਦਬਾਅ ਹੇਠ ਦਰਜ ਕੀਤਾ ਝੂਠਾ ਕ੍ਰਾਸ ਪਰਚਾ ਰੱਦ ਕੀਤਾ ਜਾਵੇ, ਉੱਚ ਜਾਤੀ ਨਾਲ ਸਬੰਧਤ ਹਮਲਾਵਰਾਂ ਦੇ ਹਥਿਆਰ ਜ਼ਬਤ ਕੀਤੇ ਜਾਣ, ਫਰਜ਼ੀ ਬੋਲੀ ਰੱਦ ਕਰਕੇ ਰਾਖਵੇਂ ਹਿੱਸੇ ਦੀ ਪੰਚਾਇਤੀ ਜ਼ਮੀਨ ਅਸਲ ਹੱਕਦਾਰ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਜ਼ਮੀਨ ਦਿੱਤੀ ਜਾਵੇ, ਫਰਜ਼ੀ ਬੋਲੀ ਕਰਨ ਲਈ ਜ਼ਿੰਮੇਵਾਰ ਪੰਚਾਇਤ ਅਤੇ ਬਲਾਕ ਵਿਕਾਸ ਦਫ਼ਤਰ ਦੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ ਸੰਬੰਧੀ ਮੁੱਖ ਮੰਤਰੀ ਤੱਕ ਨੂੰ ਮੰਗ ਪੱਤਰ ਭੇਜੇ ਗਏ ਲੇਕਿਨ ਪ੍ਰਸ਼ਾਸਨ ਦੇ ਕੰਨਾਂ ਉੱਤੇ ਅੱਜ ਤੱਕ ਜੂੰਅ ਨਹੀਂ ਸਰਕੀ।

ਉਨ੍ਹਾਂ ਕਿਹਾ ਕਿ ਪਿੰਡ ਮਸਾਣੀਆਂ ਬਲਾਕ-ਬਟਾਲਾ ਦਾ ਐੱਸ.ਸੀ ਭਾਈਚਾਰਾ ਆਪਣੇ ਤੀਸਰੇ ਹਿੱਸੇ ਦੀ ਜ਼ਮੀਨ ਨੂੰ ਸਾਂਝੀ ਖੇਤੀ ਲਈ ਲੈਣ ਲਈ ਸੰਘਰਸ਼ ਕਰ ਰਿਹਾ ਸੀ। ਪੇਂਡੂ ਧਨਾਢ ਚੌਧਰੀਆਂ ਵਲੋਂ ਪੰਚਾਇਤ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਐੱਸ ਸੀ ਪਰਿਵਾਰਾਂ ਦਾ ਤੀਸਰੇ ਹਿੱਸੇ ਦਾ ਹੱਕ ਮਾਰਨ ਲਈ ਪੰਚਾਇਤੀ ਜ਼ਮੀਨ ਦੀ ਕੀਤੀ ਫਰਜ਼ੀ ਬੋਲੀ ਵਿਰੁੱਧ ਆਵਾਜ਼ ਬੁਲੰਦ ਕਰਦੇ ਆ ਰਹੇ ਹਨ।ਇਹਨਾਂ ਸ਼ੰਘਰਸ਼ੀਲ ਲੋਕਾਂ ਉੱਪਰ ਪਿੰਡ ਦੇ ਹੀ ਪੇਂਡੂ ਧਨਾਢ ਚੌਧਰੀ ਬਲਵਿੰਦਰ ਸਿੰਘ ਬਿੰਦਾ ਅਤੇ ਚਰਨਜੀਤ ਸਿੰਘ ਚੰਨਾ ਵੱਲੋਂ ਸਰਪੰਚ ਗੁਰਵਿੰਦਰ ਸਿੰਘ ਦੀ ਸ਼ਹਿ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਔਰਤਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਜਾਤੀਸੂਚਕ ਸ਼ਬਦ ਕਹੇ ਗਏ। ਉਨ੍ਹਾਂ ਕਿਹਾ ਕਿ ਕਾਨੂੰਨ ਦਾ ਰਖਵਾਲਾ ਪ੍ਰਸ਼ਾਸਨ ਖ਼ੁਦ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ। ਹਮਲਾਵਰਾਂ ਖਿਲਾਫ਼ ਬਣਦੀਆਂ ਧਾਰਾਵਾਂ ਦੀ ਥਾਂ ਹਲਕੀਆਂ ਧਰਾਵਾਂ ਤਹਿਤ ਜਾਣਬੁੱਝ ਕੇ ਸਿਆਸੀ ਦਬਾਅ ਹੇਠ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜਦਕਿ ਇਰਾਦਾ ਕਤਲ, ਐੱਸ ਸੀ, ਐੱਸ ਟੀ ਐਕਟ ਅਤੇ ਔਰਤਾਂ ਨਾਲ ਵਧੀਕੀ ਸੰਬੰਧੀ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਪੇਂਡੂ ਧਨਾਢ ਚੌਧਰੀਆਂ ਦੇ ਹੱਕ ਵਿੱਚ ਖੜ੍ਹਾ ਹੈ ਅਤੇ ਉਲਟਾ ਪੀੜਿਤ ਧਿਰ ਨੂੰ ਦਬਾਅ ਰਿਹਾ ਹੈ।

ਯੂਨੀਅਨ ਵੱਲੋਂ 18 ਅਕਤੂਬਰ ਨੂੰ ਐੱਸ ਐੱਸ ਪੀ ਬਟਾਲਾ ਦੇ ਦਫ਼ਤਰ ਦੇ ਕੀਤੇ ਜਾਣ ਵਾਲੇ ਘੇਰਾਓ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਪੇਂਡੂ ਮਜ਼ਦੂਰਾਂ ਅਤੇ ਇਨਸਾਫਪਸੰਦ ਲੋਕਾਂ ਨੂੰ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *