ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਪਹੁੰਚੇ ਨਗਰ ਨਿਗਮ, ਵੱਖ-ਵੱਖ ਕੰਮਾਂ ਦੀ ਕੀਤੀ ਸਮੀਖਿਆ

  • By admin
  • July 15, 2023
  • 0
ਬਲਕਾਰ ਸਿੰਘ

ਸ਼ਹਿਰ ’ਚ ਸਫ਼ਾਈ, ਪਾਣੀ ਦੀ ਨਿਕਾਸੀ, ਕੂੜੇ ਦੀ ਸਮੇਂ ਸਿਰ ਲਿਫ਼ਟਿੰਗ ਅਤੇ ਬਰਸਾਤਾਂ ਦੇ ਮੱਦੇਨਜ਼ਰ ਸੀਵਰ ਸਿਸਟਮ ਨੂੰ ਪੂਰੀ ਤਰ੍ਹਾਂ ਦਰੁਸਤ ਰੱਖਣ ਦੀ ਲੋੜ ’ਤੇ ਜ਼ੋਰ

ਲੋਕ ਕੰਮਾਂ ਨੂੰ ਪੂਰੀ ਤਰਜੀਹ ਦਿੰਦਿਆਂ ਘੱਟੋ-ਘੱਟ ਸਮੇਂ ’ਚ ਪਾਰਦਰਸ਼ੀ ਢੰਗ ਨਾਲ ਕਰਨ ਦੇ ਨਿਰਦੇਸ਼

ਜਲੰਧਰ 15 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਸ਼ਨੀਵਾਰ ਨੂੰ ਨਗਰ ਨਿਗਮ ਵਿਖੇ ਪਹੁੰਚ ਕੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਦੌਰਾਨ ਵੱਖ-ਵੱਖ ਕੰਮਾਂ ਦੀ ਸਮੀਖਿਆ ਕਰਦਿਆਂ ਨਿਰਦੇਸ਼ ਦਿੱਤੇ ਕਿ ਸ਼ਹਿਰ ਅੰਦਰ ਪੂਰੀ ਸਫ਼ਾਈ ਵਿਵਸਥਾ, ਪਾਣੀ ਦੀ ਨਿਰਵਿਘਨ ਨਿਕਾਸੀ, ਸੜਕਾਂ ਦੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਅਤੇ ਕੂੜੇ ਦੀ ਸਮੇਂ ਸਿਰ ਲਿਫ਼ਟਿੰਗ ਨੂੰ ਹਰ ਹਾਲਤ ਯਕੀਨੀ ਬਣਾਇਆ ਜਾਵੇ।

ਨਗਰ ਨਿਗਮ ਦੇ ਕਮਿਸ਼ਨਰ ਅਭਿਜੀਤ ਕਪਲਿਸ਼ ਸਮੇਤ ਵੱਖ-ਵੱਖ ਅਧਿਕਾਰੀਆਂ ਨਾਲ ਉਨ੍ਹਾਂ ਦੇ ਕੰਮਾਂ ਬਾਰੇ ਗੱਲਬਾਤ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਨਿਗਮ ਵਲੋਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ ਘੱਟੋ-ਘੱਟ ਸਮੇਂ ਵਿੱਚ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਦੇ ਮੱਦੇਨਜ਼ਰ ਪੂਰੇ ਸ਼ਹਿਰ ਵਿੱਚ ਲੋੜੀਂਦੇ ਬੰਦੋਬਸਤ ਕਰਦਿਆਂ ਪਾਣੀ ਦੀ ਨਿਰਵਿਘਨ ਨਿਕਾਸੀ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਭ੍ਰਿਸ਼ਟਾਚਾਰ ਖਿਲਾਫ਼ ਲਾਗੂ ਕੀਤੀ ‘ਜ਼ੀਰੋ ਟੌਲਰੈਂਸ’ ਦੀ ਨੀਤੀ ਨੂੰ ਇਨ੍ਹ-ਬਿਨ੍ਹ ਲਾਗੂ ਕੀਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਸਹਿਣ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਨਿਗਮ ਦੀਆਂ ਵੱਖ-ਵੱਖ ਬਰਾਂਚਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦੇ ਰਹਿਣਗੇ

ਕੈਬਨਿਟ ਮੰਤਰੀ ਨੇ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਹਾਸਿਲ ਕਰਦਿਆਂ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਉਨ੍ਹਾਂ ਦੀ ਨਿਗਰਾਨੀ ਹੇਠ ਹੋ ਰਹੇ ਕਾਰਜਾਂ ਨੂੰ ਪੂਰੀ ਗੁਣਵੱਤਾ ਤਹਿਤ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਨਿਗਮ ਦੀਆਂ ਵੱਖ-ਵੱਖ ਬਰਾਂਚਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦੇ ਰਹਿਣਗੇ ਤਾਂ ਜੋ ਸਮੁੱਚੀ ਪ੍ਰਕਿਰਿਆ ਨੂੰ ਹੋਰ ਵੀ ਬਿਹਤਰ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਿਗਮ ਪਾਸ ਆਉਂਦੀਆਂ ਲੋਕ ਸ਼ਿਕਾਇਤਾਂ ਦਾ ਵੀ ਜਲਦ ਤੋਂ ਜਲਦ ਨਿਪਟਾਰਾ ਯਕੀਨੀ ਬਣਾਇਆ ਜਾਵੇ।

ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਕੈਬਨਿਟ ਮੰਤਰੀ ਨੂੰ ਨਗਰ ਨਿਗਮ ਵਲੋਂ ਕੀਤੇ ਜਾ ਰਹੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ। ਹੋਰਨਾਂ ਤੋਂ ਇਲਾਵਾ ਵਧੀਕ ਕਮਿਸ਼ਨਰ ਸ਼ਿਖਾ ਭਗਤ, ਨਿਗਮ ਦੇ ਨਿਗਰਾਨ ਇੰਜੀਨੀਅਰ, ਕਾਰਜਕਾਰੀ ਇੰਜੀਨੀਅਰ, ਐਮ.ਟੀ.ਪੀ., ਏ.ਟੀ.ਪੀਜ਼, ਐਸ.ਡੀ.ਓਜ਼ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *