ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ ਪਿੜ੍ਹਾਈ ਸੀਜ਼ਨ ਦੀ ਸ਼ੁਰੂਆਤ

  • By admin
  • November 23, 2021
  • 0
ਭੋਗਪੁਰ

ਮਿੱਲ ਕੰਪਲੈਕਸ ਵਿੱਚ 15 ਮੈਗਾਵਾਟ ਬਿਜਲੀ ਉਤਪਾਦਨ ਪਲਾਂਟ ਅਤੇ ਬਾਇਓ ਸੀਐਨਜੀ ਪਲਾਂਟ ਦਾ ਰੱਖਿਆ ਨੀਂਹ ਪੱਥਰ, 60 ਕਰੋੜ ਦੀ ਲਾਗਤ ਨਾਲ ਕੀਤੇ ਜਾਣਗੇ ਮੁਕੰਮਲ

ਪ੍ਰਾਜੈਕਟ ਦਾ ਮੁੱਖ ਮੰਤਵ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨਾ

ਤਰਸ ਦੇ ਅਧਾਰ ’ਤੇ 18 ਵਿਅਕਤੀਆਂ ਨੂੰ ਸੌਂਪੇ ਨਿਯੁਕਤੀ ਪੱਤਰ

ਭੋਗਪੁਰ (ਜਲੰਧਰ) 23 ਨਵੰਬਰ (ਜਸਵਿੰਦਰ ਸਿੰਘ ਆਜ਼ਾਦ)- ਭੋਗਪੁਰ ਸਹਿਕਾਰੀ ਖੰਡ ਮਿੱਲ, ਜਿਸ ਦੀ ਗੰਨਾ ਪੀੜਨ ਦੀ ਸਮਰੱਥਾ ਵਿੱਚ 3000 ਟੀਸੀਡੀ ਤੱਕ ਵਾਧਾ ਕੀਤਾ ਗਿਆ ਹੈ, ਵਿਖੇ ਉਪ ਮੁੱਖ ਮੰਤਰੀ ਪੰਜਾਬ ਸ੍ਰ.ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਸਾਲ 2021-22 ਲਈ ਗੰਨੇ ਦੇ ਪਿੜ੍ਹਾਈ ਸੀਜ਼ਨ ਦੀ ਸ਼ੁਰੂਆਤ ਕੀਤੀ ਗਈ, ਜਿਸ ਦੌਰਾਨ ਤਕਰੀਬਨ 36 ਲੱਖ ਕੁਇੰਟਲ ਗੰਨਾ ਪੀੜੀਆ ਜਾਵੇਗਾ।

ਉਪ ਮੁੱਖ ਮੰਤਰੀ ਪੰਜਾਬ, ਜਿਨਾਂ ਪਾਸ ਸਹਿਕਾਰਤਾ ਵਿਭਾਗ ਦਾ ਚਾਰਜ ਵੀ ਹੈ, ਵੱਲੋਂ 30-30 ਕਰੋੜ ਰੁਪਏ ਨਾਲ ਮੁਕੰਮਲ ਹੋਣ ਵਾਲੇ ਦੋ ਅਹਿਮ ਪ੍ਰਾਜੈਕਟ, ਜਿਨ੍ਹਾਂ ਵਿੱਚ 15 ਮੈਗਾਵਾਟ ਦਾ ਬਿਜਲੀ ਉਤਪਾਦਨ ਪਲਾਂਟ ਅਤੇ ਬਾਇਓ ਸੀ.ਐਨ.ਜੀ. ਪਲਾਂਟ ਸ਼ਾਮਿਲ ਹਨ, ਦਾ ਨੀਂਹ ਪੱਥਰ ਵੀ ਰੱਖਿਆ ਗਿਆ।

ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਉਪ ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ 15 ਮੈਗਾਵਾਟ ਬਿਜਲੀ ਉਤਪਾਦਨ ਪਲਾਂਟ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਨੂੰ ਯਕੀਨੀ ਬਣਾਉਣ ਵਿੱਚ ਬਹੁਤ ਲਾਹੇਵੰਦ ਸਾਬਤ ਹੋਵੇਗਾ, ਇਹ ਪ੍ਰਾਜੈਕਟ ਵੱਡੇ ਪੱਧਰ ’ਤੇ ਫਸਲਾਂ ਦੀ ਰਹਿੰਦ ਖੂਹੰਦ ਦੀ ਸੰਭਾਲ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪਲਾਂਟ ਪਰਾਲੀ ਪ੍ਰਬੰਧਨ ਦੇ ਨਜ਼ਰੀਏ ਤੋਂ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸੀਜ਼ਨ ਦੌਰਾਨ ਇਸ ਪਲਾਂਟ ਵੱਲੋਂ 16 ਕਰੋੜ ਰੁਪਏ ਦੀ ਬਿਜਲੀ ਵੇਚੀ ਜਾਵੇਗੀ, ਜਿਸ ਨਾਲ ਇਸ ਖੰਡ ਮਿੱਲ ਦੀ ਆਮਦਨ ਵਿੱਚ ਹੋਰ ਵਾਧਾ ਹੋਵੇਗਾ ਅਤੇ ਇਹ ਪਲਾਂਟ ਹੁਣ ਸਾਰਾ ਸਾਲ ਕੰਮ ਕਰੇਗਾ।

ਇਸੇ ਤਰ੍ਹਾਂ ਉਪ ਮੁੱਖ ਮੰਤਰੀ ਵੱਲੋਂ 30 ਕਰੋੜ ਰੁਪਏ ਦੀ ਲਾਗਤ ਨਾਲ ਸੀ.ਐਨ.ਜੀ. ਆਧਾਰਿਤ ਬਾਇਓ ਗੈਸ ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ ਗਿਆ, ਜਿਸ ਵੱਲੋਂ ਰੋਜ਼ਾਨਾ ਚਾਰ ਟਨ ਬਾਇਓ ਸੀ.ਐਨ.ਜੀ ਗੈਸ ਦਾ ਉਦਪਾਦਨ ਕੀਤਾ ਜਾਵੇਗਾ ਅਤੇ ਰੋਜ਼ਾਨਾ 100 ਟਨ ਤੱਕ ਫਸਲਾਂ ਦੀ ਰਹਿੰਦ ਖੂਹੰਦ ਦੀ ਖਪਤ ਹੋਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਆਸ-ਪਾਸ ਦੇ ਖੇਤਰਾਂ ਵਿੱਚ ਪਾਈਪਲਾਈਨਾਂ ਰਾਹੀਂ ਬਾਇਓ ਸੀ.ਐਨ.ਜੀ.ਗੈਸ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ।

ਇਸ ਮੌਕੇ ਸ੍ਰ.ਰੰਧਾਵਾ, ਜਿਨ੍ਹਾਂ ਨਾਲ ਚੇਅਰਮੈਨ ਤਕਨੀਕੀ ਸਿੱਖਿਆ ਬੋਰਡ ਮਹਿੰਦਰ ਸਿੰਘ ਕੇ.ਪੀ., ਵਿਧਾਇਕ ਪਵਨ ਕੁਮਾਰ ਆਦੀਆ, ਕਾਂਗਰਸੀ ਆਗੂ ਕੰਵਲਜੀਤ ਸਿੰਘ ਲਾਲੀ ਵੀ ਮੌਜੂਦ ਸਨ, ਨੇ ਐਲਾਨ ਕੀਤਾ ਕਿ ਇਸ ਮਿੱਲ ਦੀ ਸਮਰੱਥਾ 3000 ਟੀਪੀਡੀ ਦੀ ਮੌਜੂਦਾ ਸਮਰੱਥਾ ਤੋਂ ਵਧਾ ਕੇ 5000 ਟਨ ਪ੍ਰਤੀ ਦਿਨ ਕੀਤੀ ਜਾਵੇਗੀ ਅਤੇ 2023-24 ਤੱਕ 46 ਲੱਖ ਟਨ ਗੰਨੇ ਦੀ ਪ੍ਰੋਸੈਸਿੰਗ ਕਰਨ ਦਾ ਟੀਚਾ ਹਾਸਲ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਗਲੇ ਪਿੜਾਈ ਸੀਜ਼ਨ ਤੱਕ ਸਮਰੱਥਾ ਨੂੰ 26 ਲੱਖ ਕੁਇੰਟਲ ਟਨ ਤੋਂ ਵਧਾ ਕੇ 36 ਲੱਖ ਟਨ ਪ੍ਰਤੀ ਸੀਜ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਗਵਾੜਾ ਖੇਤਰ ਨਾਲ ਸਬੰਧਿਤ ਕਿਸਾਨਾਂ ਦੀ ਫ਼ਸਲ ਸਬੰਧੀ ਪ੍ਰਕਿਰਿਆ ਵੀ ਇਥੇ ਹੀ ਕੀਤੀ ਜਾਵੇਗੀ।

ਸੂਬੇ ਭਰ ਵਿੱਚ ਖੰਡ ਮਿੱਲਾਂ, ਜੋ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਖਸਤਾ ਹਾਲ ਹੋ ਗਈਆਂ ਸਨ, ਨੂੰ ਮੁੜ ਸੁਰਜੀਤ ਕਰਨ ਦੀਆਂ ਪਹਿਲਕਦਮੀਆਂ ‘ਤੇ ਚਾਨਣਾ ਪਾਉਂਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਗੰਨੇ ਦੇ ਬੀਜਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਇੱਕ ਖੋਜ ਕੇਂਦਰ ਤੋਂ ਇਲਾਵਾ ਬਟਾਲਾ ਅਤੇ ਗੁਰਦਾਰਸਪੁਰ ਖੇਤਰ ਵਿੱਚ ਖੰਡ ਮਿੱਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 600 ਕਰੋੜ ਰੁਪਏ ਦੀ ਵੱਡੀ ਰਕਮ ਖਰਚ ਕੀਤੀ ਜਾ ਰਹੀ ਹੈ।

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਖ਼ਰੀਦ ਲਈ ਪਰਚੀਆਂ ਦੀ ਵੰਡ ਵਿੱਚ ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਪਿੜਾਈ ਸੀਜ਼ਨ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਇਸ ਦੌਰਾਨ ਉੱਪ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਕਿ ਇਸ ਖੰਡ ਮਿੱਲ ਦੀ ਸਮਰੱਥਾ ਵਿੱਚ ਵਾਧਾ ਕੀਤੇ ਜਾਣ ਨਾਲ ਇਸ ਖੇਤਰ ਦੇ ਕਿਸਾਨਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸੂਬੇ ਵਿੱਚ ਖੰਡ ਮਿੱਲਾਂ ਦੇ ਬੁਨਿਆਦੀ ਢਾਂਚੇ ਨੂੰ ਮੁੜ ਸੁਰਜੀਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਧੰਨਵਾਦ ਕੀਤਾ। ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ ਨੇ ਵੀ ਸਹਿਕਾਰਤਾ ਮੰਤਰੀ ਦਾ ਸੂਬੇ ਵਿੱਚ ਖੰਡ ਮਿੱਲਾਂ ਨੂੰ ਸਮਰੱਥ ਬਣਾਉਣ ਲਈ ਕੀਤੇ ਯਤਨਾਂ ਲਈ ਧੰਨਵਾਦ ਕੀਤਾ।

ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਵੱਲੋਂ ਤਰਸ ਦੇ ਆਧਾਰ ‘ਤੇ 18 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ।

ਇਸ ਮੌਕੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸਹਿਕਾਰਤਾ ਵਰੁਨ ਰੂਜ਼ਮ, ਸ਼ੂਗਰਫੈੱਡ ਪੰਜਾਬ ਦੇ ਐਮ.ਡੀ. ਰਾਜੀਵ ਕੁਮਾਰ ਗੁਪਤਾ, ਸ਼ੂਗਰਫੈੱਡ ਪੰਜਾਬ ਦੇ ਜੀ.ਐਮ. ਕੰਵਲਜੀਤ ਤੂਰ, ਭੋਗਪੁਰ ਸ਼ੂਗਰ ਮਿੱਲ ਦੇ ਚੇਅਰਮੈਨ ਪਰਮਵੀਰ ਸਿੰਘ, ਡਾਇਰੈਕਟਰ ਪਰਮਜੀਤ ਸਿੰਘ, ਗੁਰਦਾਵਰ ਰਾਮ, ਹਰਜਿੰਦਰ ਸਿੰਘ, ਮਨਜੀਤ ਸਿੰਘ, ਹਰਜਿੰਦਰ ਸਿੰਘ, ਸਤਪਾਲ ਅਤੇ ਭੋਗਪੁਰ ਸ਼ੂਗਰ ਮਿੱਲ ਦੇ ਜੀ.ਐਮ. ਅਰੁਣ ਕੁਮਾਰ ਅਰੋੜਾ ਅਤੇ ਹੋਰ ਮੌਜੂਦ ਸਨ।

Leave a Reply

Your email address will not be published. Required fields are marked *