ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਰਵੇ ਰਿਪੋਰਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

  • By admin
  • August 19, 2022
  • 0
ਡਿਪਟੀ ਕਮਿਸ਼ਨਰ

ਸਬ ਡਵੀਜ਼ਨ ਪੱਧਰੀ ਕਮੇਟੀਆਂ ਵੱਲੋਂ ਸੁਝਾਈਆਂ ਦਰਿਆ ਨਾਲ ਲੱਗਦੀਆਂ ਕੁਝ ਹੋਰ ਜ਼ਮੀਨਾਂ ਰਿਪੋਰਟ ’ਚ ਸ਼ਾਮਲ ਕਰਨ ਲਈ ਕਿਹਾ

ਕੁਲੈਕਟਰ ਕੇਸਾਂ ਦੇ ਜਲਦ ਨਿਪਟਾਰੇ ਦੀਆਂ ਹਦਾਇਤਾਂ

ਜਲੰਧਰ 19 ਅਗਸਤ (ਜਸਵਿੰਦਰ ਸਿੰਘ ਆਜ਼ਾਦ)- ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਜ਼ਿਲ੍ਹਾ ਸਰਵੇ ਰਿਪੋਰਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਰਿਪੋਰਟ ਤਿਆਰ ਕਰਨ ਲਈ ਗਠਿਤ ਸਬ ਡਵੀਜ਼ਨ ਪੱਧਰੀ ਕਮੇਟੀਆਂ ਵੱਲੋਂ ਸੁਝਾਈਆਂ ਦਰਿਆ ਨਾਲ ਲੱਗਦੀਆਂ ਕੁਝ ਹੋਰ ਜ਼ਮੀਨਾਂ, ਜਿਥੋਂ ਰੇਤ ਕੱਢੀ ਜਾ ਸਕਦੀ ਹੈ, ਵੀ ਰਿਪੋਰਟ ਵਿੱਚ ਸ਼ਾਮਲ ਕਰਨ ਲਈ ਕਿਹਾ।

ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਡ੍ਰਾਫਟ ਡੀ.ਐਸ.ਆਰ. ਪ੍ਰਾਪਤ ਹੋ ਚੁੱਕੀ ਹੈ, ਜਿਸ ਉਪਰੰਤ ਜ਼ਿਲ੍ਹਾ ਸਰਵੇ ਰਿਪੋਰਟ ਤਿਆਰ ਕਰਨ ਲਈ ਗਠਿਤ ਸਬ ਡਵੀਜ਼ਨਲ ਕਮੇਟੀਆਂ ਵੱਲੋਂ ਮੌਕੇ ਦਾ ਦੌਰਾ ਕਰਨ ਤੋਂ ਬਾਅਦ ਦਰਿਆ ਨਾਲ ਲੱਗਦੀਆਂ ਕੁਝ ਹੋਰ ਜ਼ਮੀਨਾਂ ਰਿਪੋਰਟ ਵਿੱਚ ਸ਼ਾਮਲ ਕਰਨ ਦੇ ਸੁਝਾਅ ਦਿੱਤੇ ਗਏ ਹਨ, ਜਿਥੋਂ ਰੇਤ ਕੱਢੀ ਜਾ ਸਕਦੀ ਹੈ।

ਕੰਸਲਟੈਂਟ ਕੰਪਨੀ ਦੇ ਅਧਿਕਾਰੀ ਨੂੰ ਇਨ੍ਹਾਂ ਸਾਈਟਾਂ ਨੂੰ ਵੀ ਰਿਪੋਰਟ ਵਿੱਚ ਸ਼ਾਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ

ਉਨ੍ਹਾਂ ਸਬੰਧਤ ਕੰਸਲਟੈਂਟ ਕੰਪਨੀ ਦੇ ਅਧਿਕਾਰੀ ਨੂੰ ਇਨ੍ਹਾਂ ਸਾਈਟਾਂ ਨੂੰ ਵੀ ਰਿਪੋਰਟ ਵਿੱਚ ਸ਼ਾਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪੋਸਟ ਮਾਨਸੂਨ ਸਰਵੇ ਲਈ ਰਿਆਨ ਐਨਵਾਇਰੋ ਪ੍ਰਾਈਵੇਟ ਲਿਮਟਿਡ ਦੀ ਟੀਮ 15 ਸਤੰਬਰ ਨੂੰ ਜ਼ਿਲ੍ਹੇ ਵਿੱਚ ਪਹੁੰਚ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਸਰਵੇਖਣ ਟੀਮ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ ਤਾਂ ਜੋ ਸਰਵੇ ਰਿਪੋਰਟ ਦਾ ਕਾਰਜ ਬਿਨਾਂ ਕਿਸੇ ਰੁਕਾਵਟ ਦੇ ਨੇਪਰੇ ਚੜ੍ਹ ਸਕੇ ।

ਮਾਈਨਿੰਗ ਸਬੰਧੀ ਜਾਇਜ਼ਾ ਲੈਂਦਿਆਂ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸੇ ਵੇਲੇ ਸੱਤ ਮਾਈਨਿੰਗ ਅਤੇ ਡੀਸਿਲਟਿੰਗ ਸਾਈਟਾਂ ਵੇਹਰਾਂ, ਕੈਮਵਾਲਾ, ਪਿਪਲੀ, ਲਸਾੜਾ, ਕਾਦੀਆਨਾ, ਮਿਓਵਾਲ ਮਾਓ ਸਾਹਿਬ ਅਤੇ ਤਲਵੰਡੀ ਨੌਆਬਾਦ ਹਨ, ਜੋ ਕਿ 1 ਜੁਲਾਈ ਤੋਂ 30 ਸਤੰਬਰ ਤੱਕ ਮਾਨਸੂਨ ਸੀਜ਼ਨ ਕਾਰਨ ਬੰਦ ਹਨ। ਉਨ੍ਹਾਂ ਮਾਈਨਿੰਗ, ਮਾਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਰਾਤ ਨੂੰ ਵੀ ਚੈਕਿੰਗ ਆਦਿ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਜੇਕਰ ਕੋਈ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਕੁਲੈਕਟਰ ਕੇਸਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਵਿਅਕਤੀਗਤ ਤਵਜੋਂ ਦਿੰਦਿਆਂ ਇਨ੍ਹਾਂ ਕੇਸਾਂ ਦੇ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਸਮੂਹ ਬੀ.ਡੀ.ਪੀ.ਓ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਆਪੋ-ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ, ਸਰਕਾਰੀ ਜ਼ਮੀਨ ਜਾਂ ਛੱਪੜ ਦੀ ਖੁਦਾਈ ਤੋਂ ਪਹਿਲਾਂ ਵਿਭਾਗ ਤੋਂ ਮਾਈਨਿੰਗ ਅਤੇ ਮਿਨਰਲ ਨਿਯਮਾਂ ਮੁਤਾਬਕ ਦਿਸ਼ਾ-ਨਿਰਦੇਸ਼ ਲੈਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ 500 ਗਜ਼ ਜਾਂ ਇਸ ਤੋਂ ਵੱਧ ਦੀ ਰਿਹਾਇਸ਼ੀ/ਵਪਾਰਕ ਇਮਾਰਤ ਦੀ ਬੇਸਮੈਂਟ ਵਿੱਚੋਂ ਵਪਾਰਕ ਮਿੱਟੀ ਆਦਿ ਦੀ ਨਿਕਾਸੀ ਲਈ ਮਾਈਨਿੰਗ ਵਿਭਾਗ ਦੀ ਪੂਰਵ ਪ੍ਰਵਾਨਗੀ ਲੈਣਾ ਜ਼ਰੂਰੀ ਹੈ, ਜਿਸ ਦੇ ਲਈ ਕੇ-2 ਪਰਮਿਟ ਲੈਣ ਲਈ https://www.minesandgeology.punjab.gov.in/ ’ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

ਇਸ ਪੋਰਟਲ ’ਤੇ ਟਰਾਂਸਪੋਰਟ ਪਰਮਿਟ, ਸਟੋਨ ਕਰਸ਼ਰ ਦੀ ਰਜਿਸਟ੍ਰੇਸ਼ਨ ਸਮੇਤ ਹੋਰ ਪ੍ਰਵਾਨਗੀਆਂ ਲਈ ਵੀ ਆਨਲਾਈਨ ਸੁਵਿਧਾ ਉਪਲਬਧ ਹੈ

ਇਸ ਤੋਂ ਇਲਾਵਾ ਇਸ ਪੋਰਟਲ ’ਤੇ ਟਰਾਂਸਪੋਰਟ ਪਰਮਿਟ, ਸਟੋਨ ਕਰਸ਼ਰ ਦੀ ਰਜਿਸਟ੍ਰੇਸ਼ਨ ਸਮੇਤ ਹੋਰ ਪ੍ਰਵਾਨਗੀਆਂ ਲਈ ਵੀ ਆਨਲਾਈਨ ਸੁਵਿਧਾ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਦਫ਼ਤਰ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ, ਕਨਾਲ ਕਲੋਨੀ ਕਪੂਰਥਲਾ ਰੋਡ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਸਰੀਨ, ਐਸ.ਡੀ.ਐਮਜ਼. ਬਲਬੀਰ ਰਾਜ ਸਿੰਘ, ਰਣਦੀਪ ਸਿੰਘ ਹੀਰ, ਐਸ.ਡੀ.ਓ. ਮਾਈਨਿੰਗ ਸੁਖਪਾਲ ਸਿੰਘ, ਐਸ.ਡੀ.ਓ. ਡਰੇਨੇਜ਼ ਆਸ਼ੀਸ਼ ਆਦਿ ਮੌਜੂਦ ਸਨ।

Leave a Reply

Your email address will not be published. Required fields are marked *