ਚੇਤਨਾ ਦਾ ਵਣਜਾਰਾ ਹੋ ਨਿਬੜਿਆ: ਸਿਖਿਆਰਥੀ ਚੇਤਨਾ ਕੈਂਪ

  • By admin
  • August 28, 2022
  • 0
ਚੇਤਨਾ

ਪੌਣ, ਪਾਣੀ ਅਤੇ ਵਾਤਾਵਰਣ ਜਨ ਚੇਤਨਾ ਨਾਲ ਹੀ ਬਚੇਗਾ: ਵਿਜੈ ਬੰਬੇਲੀ

ਜਲੰਧਰ 28 ਅਗਸਤ (ਜਸਵਿੰਦਰ ਸਿੰਘ ਆਜ਼ਾਦ)- ਦੇਸ਼ ਭਗਤ ਯਾਦਗਾਰ ਹਾਲ ਵਿੱਚ ਪੰਜਾਬ ਭਰ ਤੋਂ ਜੁੜੇ ਸਿਖਿਆਰਥੀਆਂ ਦੇ ਲੱਗੇ ਤਿੰਨ ਰੋਜ਼ਾ ਕੈਂਪ ਦੇ ਸਿਖਰਲੇ ਦਿਹਾੜੇ ਮੌਕੇ ਪੰਜਾਬ ਵਿੱਚ ਭਖ਼ਦੇ ਮੁੱਦੇ ‘ਪਾਣੀ, ਵਾਤਾਵਰਣ ਅਤੇ ਜਨ ਜੀਵਨ ‘ਤੇ ਮਾਰੂ ਹਲਾ’ ਵਿਸ਼ੇ ਉਪਰ ਬੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਮੈਂਬਰ ਵਿਜੈ ਬੰਬੇਲੀ ਨੇ ਕਿਹਾ ਕਿ ‘ਪਵਣ ਗੁਰੂ, ਪਾਣੀ ਪੀਤਾ, ਮਾਤਾ ਧਰਤ ਮਹੱਤੁ’ ਦੇ ਸ਼ਬਦਾਂ ਨੂੰ ਆਪਣੀ ਬੁੱਕਲ ਵਿੱਚ ਸਮੋਈ ਬੈਠੇ ਇਸ ਖਿਤੇ ਅੰਦਰ ਵਸਦੀ ਮਾਨਵ ਜਾਤੀ ਗੰਭੀਰ ਮਿੱਟੀ ਅਤੇ ਜਲ ਸੰਕਟ ਦਾ ਸ਼ਿਕਾਰ ਹੋਣ ਜਾ ਰਹੀ ਹੈ। ਪਾਣੀ; ਸਾਡੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸ਼ਕਤੀ ਹੈ।

ਵਿਜੈ ਬੰਬੇਲੀ ਨੇ ਕਿਹਾ ਕਿ ਖੇਤੀ ਜਾਂ ਰੋਜ਼ ਮਰਾ ਜੀਵਨ ਵਿੱਚ ਵਰਤੇ ਜਾਂਦੇ ਪਾਣੀ ਨੂੰ ਹੀ ਜਲ ਸੰਕਟ ਦਾ ਮੁੱਖ ਕਾਰਨ ਦੱਸਕੇ ਸ਼ਰਾਬ, ਸਾਫ਼ਟ ਡਰਿੰਕਸ, ਕੱਪੜਾ, ਰਸਾਇਣਕ ਆਦਿ ਉਦਯੋਗ ਦੁਆਰਾ ਵਰਤੇ ਜਾਂਦੇ ਬੇਤਹਾਸ਼ਾ ਪਾਣੀ ਕਾਰਨ ਬਣ ਰਹੇ ਸੰਕਟ ‘ਤੇ ਪਰਦਾਪੋਸ਼ੀ ਕੀਤੀ ਜਾਂਦੀ ਹੈ। ਜੇ ਮਨੁੱਖ ਨੇ ਜ਼ਿੰਦਾ ਰਹਿਣਾ ਹੈ ਤਾਂ ਸਿਧਾਂਤ ਅਤੇ ਕਾਰਜਸ਼ੈਲੀਆਂ ਸਿਰਫ਼ ਬੰਦੇ ਨੂੰ ਹੀ ਧਿਆਨ ਵਿੱਚ ਨਹੀਂ ਸਗੋਂ ਕੁਦਰਤ ਨੂੰ ਧਿਆਨ ਵਿੱਚ ਰੱਖਕੇ ਘੜਨ ਦੀ ਲੋੜ ਹੈ। ਸੰਸਾਰ ਨਿਜ਼ਾਮ ਨੇ ਜਿਵੇਂ ਕੁਦਰਤੀ ਸੋਮਿਆਂ ਖਾਸ ਕਰਕੇ ਜਲ-ਸੋਮਿਆਂ ਨੂੰ ਕਬਜ਼ੇ ਹੇਠ ਲੈਣ ਲਈ ਮਕੜ-ਜਾਲ ਬੁਣ ਲਿਆ, ਇਸਨੇ ਤੀਜਾ ਮਹਾਂ ਯੁੱਧ ਦਾ ਕਾਰਨ ਪਾਣੀ ਬਣੇਗਾ ਦੇ ਖਦਸ਼ੇ ਨੂੰ ਸੱਚ ਹੋਣ ਵੱਲ ਤੋਰ ਦਿੱਤਾ ਹੈ।

ਉਹਨਾਂ ਬੋਲਦਿਆਂ ਕਿਹਾ ਕਿ ਪਾਣੀ, ਧਰਤੀ, ਜੰਗਲ, ਕੁਦਰਤੀ ਅਨਮੋਲ ਖਜ਼ਾਨਿਆਂ ਉਪਰ ਮੁਨਾਫ਼ੇਖੋਰ ਧੜਵੈਲ ਕੰਪਨੀਆਂ ਮੁਕੰਮਲ ਜੱਫਾ ਮਾਰਨ, ਨਿੱਜੀਕਰਣ ਕਰਕੇ ਲੋਕਾਂ ਦੀ ਰੱਤ ਨਿਚੋੜਨ ਦਾ ਕੰਮ ਵੀ ਉਹਨਾਂ ਵਸਤਾਂ ਦੇ ਸਿਰ ‘ਤੇ ਕਰ ਰਹੀਆਂ ਹਨ ਜੋ ਵਸਤਾਂ ਕੁੱਲ ਦੁਨੀਆਂ ਦੇ ਲੋਕਾਂ ਨੂੰ ਕੁਦਰਤ ਨੇ ਦਿੱਤੀਆਂ ਹਨ। ਉਹਨਾਂ ਸਿਖਿਆਰਥੀਆਂ ਨੂੰ ਕਿਹਾ ਕਿ ਸਾਨੂੰ ਜਿਥੇ ਖੁਦ ਜਲ, ਪੌਣ, ਵਾਤਾਵਰਣ ਦੀ ਸਾਂਭ-ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ, ਓਥੇ ਇਹਨਾਂ ਨੂੰ ਹੜੱਪਣ ਲਈ ਸਰਗਰਮ ਤਾਕਤਾਂ ਤੋਂ ਵੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

ਸਮੂਹ ਸਿਖਿਆਰਥੀਆਂ ਨੂੰ ‘ਪ੍ਰਮਾਣ-ਪੱਤਰ’ ਅਤੇ ਕਿਤਾਬਾਂ ਨਾਲ ਸਨਮਾਨਤ ਕੀਤਾ ਗਿਆ

ਇਸ ਉਪਰੰਤ ਸਮੂਹ ਸਿਖਿਆਰਥੀਆਂ ਨੂੰ ‘ਪ੍ਰਮਾਣ-ਪੱਤਰ’ ਅਤੇ ਕਿਤਾਬਾਂ ਨਾਲ ਸਨਮਾਨਤ ਕੀਤਾ ਗਿਆ। ਕਮੇਟੀ ਦੇ ਕਾਰਜਕਰਨੀ ਸਕੱਤਰ ਡਾ. ਪਰਮਿੰਦਰ ਸਿੰਘ, ਪ੍ਰਧਾਨ ਅਜਮੇਰ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਵਿੱਤ ਸਕੱਤਰ ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਦਰਸ਼ਨ ਖਟਕੜ, ਹਰਮੇਸ਼ ਮਾਲੜੀ, ਵਿਜੈ ਬੰਬੇਲੀ, ਚਰੰਜੀ ਲਾਲ ਕੰਗਣੀਵਾਲ, ਪ੍ਰੋ. ਗੋਪਾਲ ਬੁੱਟਰ ਨੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਮੂਹ ਸਿਖਿਆਰਥੀਆਂ ਨੂੰ ਸਨਮਾਨਤ ਕੀਤਾ ਅਤੇ ਹੱਲਾ-ਸ਼ੇਰੀ ਦਿੱਤੀ।

ਇਸ ਮੌਕੇ ਔਕਸਫੋਰਡ ਅਤੇ ਜੰਤਾ ਹਸਪਤਾਲ ਵੱਲੋਂ ਲਗਾਏ ਮੈਡੀਕਲ ਕੈਂਪ ਦੀਆਂ ਸੇਵਾਵਾਂ ਕਾਰਨ ਡਾ. ਸਾਹਿਬਾਨ ਅਤੇ ਸਮੂਹ ਸਟਾਫ਼ ਦਾ ਸਨਮਾਨ ਕੀਤਾ ਗਿਆ। ਕਮੇਟੀ ਦੇ ਕਾਰਜਕਾਰੀ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਪ੍ਰਧਾਨ ਅਜਮੇਰ ਸਿੰਘ ਨੇ ਕੈਂਪ ਦੀ ਸਫ਼ਲਤਾ ‘ਤੇ ਤਸੱਲੀ ਪ੍ਰਗਟਾਉਂਦਿਆਂ ਅਜੇਹੇ ਯਤਨ ਭਵਿੱਖ ਵਿੱਚ ਜਾਰੀ ਰੱਖਣ ਦਾ ਵਿਸਵਾਸ਼ ਦੁਆਇਆ।

ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ। ਨਵੀਂ ਊਰਜਾ, ਜੋਸ਼, ਉਤਸ਼ਾਹ ਅਤੇ ਸੇਧ ਲੈ ਕੇ ਨੌਜਵਾਨ ਕਾਫ਼ਲੇ ਦੇਸ਼ ਭਗਤ ਯਾਦਗਾਰ ਤੋਂ ਵਿਦਾ ਹੋਏ।

Leave a Reply

Your email address will not be published.