
ਜਲੰਧਰ 25 ਮਈ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਦੇ ਏਡਿਡ ਕਾਲਜਾਂ ਵੱਲੋਂ ਗਠਿਤ ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ (ਏਡਿਡ ਅਤੇ ਅਨਏਡਿਡ) ਦਾ ਇੱਕ ਵਫ਼ਦ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੂੰ ਮਿਲਿਆ ਜਿਸ ਦੀ ਪ੍ਰਧਾਨਗੀ ਸ੍ਰੀ ਰਾਜੀਵ ਸ਼ਰਮਾ, ਕਾਰਜਕਾਰੀ ਪ੍ਰਧਾਨ ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ (ਏਡਿਡ ਅਤੇ ਅਣਏਡਿਡ) ਨੇ ਕੀਤੀ।
ਯੂਨੀਅਨ ਦੇ ਸਲਾਹਕਾਰ ਸ. ਸਵਿੰਦਰ ਸਿੰਘ ਗੋਲਾ ਸਮੇਤ ਆਪਣੇ ਸਾਥੀਆਂ ਨਾਲ ਉਹਨਾਂ ਨੇ ਵਿੱਤ ਮੰਤਰੀ ਨੂੰ ਆਪਣੀਆਂ ਮੰਗਾਂ ਪੇਸ਼ ਕੀਤੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਦੇ ਪੂਰਾ ਨਾ ਹੋਣ ਕਾਰਨ ਸਮੂਹ ਨਾਨ-ਟੀਚਿੰਗ ਸਟਾਫ਼ ਵਿੱਚ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਛੇਵਾਂ ਪੇ-ਕਮੀਸ਼ਨ ਨੂੰ ਲਾਗੂ ਕਰਨਾ, ਦਸੰਬਰ 2011 ਤੋਂ ਸੋਧੇ ਹੋਏ ਗ੍ਰੇਡ ਪੇਅ ਦਾ ਨੋਟੀਫਿਕੇਸ਼ਨ, ਵਧਿਆ ਮਕਾਨ ਕਿਰਾਇਆ ਅਤੇ ਸੋਧਿਆ ਮੈਡੀਕਲ ਭੱਤਾ ਸ਼ਾਮਲ ਹਨ।
ਵਿੱੱਤ ਮੰਤਰੀ ਚੀਮਾ ਨੇ ਸਮੂਹ ਨਾਨ-ਟੀਚਿੰਗ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਿੱਚ ਨਾਨ-ਟੀਚਿੰਗ ਸਟਾਫ਼ ਦਾ ਯੋਗਦਾਨ ਸ਼ਲਾਘਾਯੋਗ ਹੈ। ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਦੀਪਕ ਸ਼ਰਮਾ, ਰਾਜੇਸ਼ ਕੌਂਡਲ ਅਤੇ ਸ਼੍ਰੀ ਰਾਕੇਸ਼ ਸ਼ਰਮਾ ਹਾਜ਼ਰ ਸਨ।