
ਚੰਡੀਗੜ 27 ਦਸੰਬਰ (ਪ੍ਰੀਤਮ ਲੁਧਿਆਣਵੀ): ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੀ 1987 ਤੋਂ ਬਤੌਰ ਪ੍ਰਧਾਨ ਰਹਿਨੁਮਾਈ ਕਰਦੇ ਆ ਰਹੇ, ਵਿਸ਼ਵ ਪ੍ਰਸਿੱਧੀ-ਪ੍ਰਾਪਤ ਗੀਤਕਾਰ ਸ੍ਰ. ਲਾਲ ਸਿੰਘ ਲਾਲੀ ਜੀ, 22 ਦਸੰਬਰ, 2022 ਨੂੰ ਆਪਣੇ ਸੁਆਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। 23 ਦਸੰਬਰ ਨੂੰ ਉਨਾਂ ਦੇ ਅੰਤਮ ਦਰਸ਼ਨਾਂ ਵਕਤ ਜਿੱਥੇ ਉਨਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਸੱਜਣ-ਮਿੱਤਰ ਸੰਸਕਾਰ ਵਕਤ ਪੁੱਜੇ ਉਥੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ ਵੀ ਅਨੇਕਾਂ ਸਾਥੀ ਪੁੱਜੇ। ਲਾਲੀ ਜੀ ਦੇ ਤੁਰ ਜਾਣ ਦਾ ਨਾ ਸਿਰਫ ਪਰਿਵਾਰ ਨੂੰ ਹੀ ਨਾ ਪੂਰੇ ਜਾਣ ਵਾਲਾ ਘਾਟਾ ਪਿਆ ਹੈ, ਬਲਕਿ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਜਿਸਦੇ ਕਿ ਉਹ ਥੰਮ ਸਨ, ਨੂੰ ਵੀ ਬਹੁਤ ਵੱਡਾ ਅਸਹਿ ਸਦਮਾ ਤੇ ਘਾਟਾ ਪਿਆ ਹੈ।
ਪਰਿਵਾਰਕ ਸੂਤਰਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਰਤਕ ਨਮਿੱਤ ਅੰਤਿਮ ਅਰਦਾਸ 28 ਦਸੰਬਰ, ਦਿਨ ਬੁੱਧਵਾਰ ਨੂੰ ਉਨਾਂ ਦੇ ਪਿੰਡ ਨਾਰੰਗਵਾਲ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ 12 ਤੋਂ 1 ਦੇ ਵਿਚਕਾਰ ਹੋਵੇਗੀ।
ਜ਼ਿਕਰ ਯੋਗ ਹੈ ਕਿ ਲਾਲੀ ਜੀ ਦਾ ਪਹਿਲਾ ਗੀਤ, ‘ਮੈਨੂੰ ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ (ਨਰਿੰਦਰ ਬੀਬਾ ਜੀ ਕਰਨੈਲ ਗਿੱਲ (ਐਚ. ਐਮ. ਵੀ. ਕੰਪਨੀ) ਸੰਨ 1969 ਵਿਚ ਗੂੰਜਿਆ ਸੀ। ਫਿਰ, ‘ਸੁਣੋ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ, ‘ਤੇਰਾ ਗਲਗਲ ਵਰਗਾ ਰੰਗ ਜੱਟੀਏ ਅਤੇ ‘ਅੱਖਾਂ ਜਾ ਲੱਗੀਆਂ ਘੁੰਡ ਚੀਰ ਮੁੰਡਿਆ ਆਦਿ ਅਨੇਕਾਂ ਗੀਤ ਮੀਂਹ ਦੇ ਛਰਾਟੇ ਵਾਂਗ ਧੜਾ-ਧੜ ਐਚ. ਐਮ. ਵੀ. ਕੰਪਨੀ ਦੁਆਰਾ ਰਿਕਾਰਡ ਹੋ ਹੋ ਕੇ ਸੰਗੀਤ-ਪ੍ਰੇਮੀਆਂ ਦੀਆਂ ਮਹਿਫ਼ਲਾਂ ਤੇ ਆਲ ਇੰਡੀਆ ਰੇਡੀਓ ਸਟੇਸ਼ਨ ’ਤੇ ਧੁੰਮਾਂ ਪਾਉਣ ਲੱਗੇ।
ਸਾਢੇ ਪੰਜ ਦਿਹਾਕਿਆਂ ਤੋਂ ਗੀਤਕਾਰੀ ਖੇਤਰ ਵਿਚ ਤੁਰਿਆ ਹੋਇਆ ਸਾਡਾ ਹਰਮਨ-ਪਿਆਰਾ ਗੀਤਕਾਰ ਲਾਲੀ
ਤਵਿਆਂ ਦੇ ਯੁੱਗ ਵਿਚ ਜਿਨਾਂ ਹੋਰ ਗਾਇਕ ਅਤੇ ਗਾਇਕਾਵਾਂ ਨੇ ਲਾਲੀ ਜੀ ਦੇ ਗੀਤਾਂ ਨਾਲ ਨਾਮਨਾ ਖੱਟਿਆ, ਉਨਾਂ ਵਿਚ ਬੀਬਾ ਸੁਰਿੰਦਰ ਕੌਰ, ਬੀਬਾ ਪ੍ਰਕਾਸ਼ ਕੌਰ, ਬੀਬਾ ਸਵਰਨ ਲਤਾ, ਬੀਬਾ ਜਗਮੋਹਣ ਕੌਰ, ਪਾਲੀ ਦੇਤਵਾਲੀਆ, ਹਾਕਮ ਬਖਤੜੀਵਾਲਾ-ਬੀਬਾ ਦਲਜੀਤ ਕੌਰ, ਰਣਬੀਰ ਰਾਣਾ, ਰਮੇਸ਼ ਰੰਗੀਲਾ ਅਤੇ ਕੈਸਿਟ-ਯੁੱਗ ਦੇ ਗਾਇਕ-ਗਾਇਕਾਵਾਂ ਵਿਚ ਰਛਪਾਲ ਰਸੀਲਾ-ਮੋਹਣੀ ਰਸੀਲਾ, ਇਰਸ਼ਾਦ ਮੁਹੰਮਦ, ਗੁਰਵਿੰਦਰ ਗੁਰੀ, ਕਿਸ਼ਨ ਰਾਹੀ ਤੇ ਰਾਜਪਾਲ ਚੰਨੀ ਆਦਿ ਅਨੇਕਾਂ ਨਾਂਉਂ ਵਿਸ਼ੇਸ਼ ਵਰਣਨ ਯੋਗ ਹਨ। ਪਾਲੀ ਦੇਤਵਾਲੀਆ ਜੀ ਦੀ ਅਵਾਜ਼ ਵਿਚ ਰਿਕਾਰਡ ਤਾਜਾ ਗੀਤ, ‘ਪਾਣੀ ਤੇ ਮੁਸੀਬਤਾਂ ਨੀਵੇਂ ਥਾਂ ਨੂੰ ਆਉਂਦੀਆਂ’ ਸਾਬਿਤ ਕਰਦਾ ਹੈ ਕਿ ਸਾਢੇ ਪੰਜ ਦਿਹਾਕਿਆਂ ਤੋਂ ਗੀਤਕਾਰੀ ਖੇਤਰ ਵਿਚ ਤੁਰਿਆ ਹੋਇਆ ਸਾਡਾ ਹਰਮਨ-ਪਿਆਰਾ ਗੀਤਕਾਰ ਲਾਲੀ ਅਜੇ ਅੱਕਿਆ-ਥੱਕਿਆ ਨਹੀ, ਬਲਕਿ ਉਸ ਦੀ ਕਲਮ ਅਜੇ ਵੀ ਜਵਾਨ ਸੀ।
ਲਾਲੀ ਜੀ, ‘ਗੀਤਾਂ ਭਰੀ ਚੰਗੇਰ, ‘ਤੇਰਾ ਗਲਗਲ ਵਰਗਾ ਰੰਗ ਜੱਟੀਏ, ‘ਗੀਤਾਂ ਦਾ ਸਿਰਨਾਵਾਂ, ‘ਗੀਤਾਂ ਦੀ ਮਹਿਕ ਅਤੇ ‘ਲੰਬੀ ਸੋਚ ਮੌਲਿਕ ਪੁਸਤਕਾਂ ਸਾਹਿਤ ਨੂੰ ਦੇਣ ਦੇ ਨਾਲ-ਨਾਲ ਦੋ ਦਰਜਨ ਦੇ ਕਰੀਬ ਸਾਂਝੀਆਂ ਪੁਸਤਕਾਂ ਵਿਚ ਵੀ ਭਰਵੀਂ ਹਾਜ਼ਰੀ ਲਗਵਾ ਚੁੱਕੇ ਹਨ। ਇਸਤੋਂ ਇਲਾਵਾ ਲਾਲੀ ਜੀ ਨੂੰ ਸੰਸਥਾ ਵੱਲੋਂ ਜਿੱਥੇ ਅੱਠ ਮਿਆਰੀ ਸਾਂਝੇ ਕਾਵਿ-ਸੰਗ੍ਰਹਿ ਅਤੇ ਦੋ ਟੈਲੀਫੋਨ ਡਾਇਰੈਕਟਰੀਆਂ ਦੇ ਉਪਰਾਲੇ ਕਰਨ ਦਾ ਮਾਣ ਹਾਸਲ ਹੈ, ਉਥੇ ਹਜ਼ਾਰਾਂ ਦੀ ਗਿਣਤੀ ਵਿਚ ਕਲਮਾਂ, ਅਵਾਜ਼ਾਂ ਅਤੇ ਸੁਰਾਂ ਨੂੰ ਪੈਦਾ ਕਰ ਕੇ ਬੁਲੰਦੀਆਂ ਉਤੇ ਪਹੁੰਚਾਉਣ ਦਾ ਵੀ ਗੌਰਵ ਹਾਸਲ ਹੈ।
ਨਿਮਰ, ਸ਼ਹਿਨਸ਼ੀਲ ਅਤੇ ਫੱਕਰ ਬਿਰਤੀ ਦੇ ਮਾਲਕ, ਲਾਲੀ ਜੀ ਰੋਜ਼ਗਾਰ ਵਿਭਾਗ, ਪੰਜਾਬ ਵਿੱਚੋਂ ਸੁਪਰਡੰਟ ਗਰੇਡ-ਵੰਨ ਦੇ ਅਹੁੱਦੇ ਤੋਂ ਸੇਵਾ-ਮੁਕਤ ਸਨ। ਅਦਾਰਾ ਪੰਜਾਬ ਨਿਊਜ਼ ਚੈਨਲ ਦਿਲੋਂ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਲਾਲੀ ਜੀ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।