ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਨਵੇਂ ਵਿਦਿਅਕ ਸੈਸ਼ਨ 2023-24 ਦਾ ਸ਼ੁੱਭ ਆਰੰਭ

  • By admin
  • July 10, 2023
  • 0
ਲਾਇਲਪੁਰ ਖ਼ਾਲਸਾ ਕਾਲਜ

ਜਲੰਧਰ 10 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਨਵੇਂ ਵਿਦਿਅਕ ਸੈਸ਼ਨ 2023-24 ਦੇ ਸ਼ੁੱਭ ਆਰੰਭ ਸਮੇਂ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਵਲੋਂ ਕਾਲਜ ਦੇ ਗੁਰੂਦੁਆਰਾ ਸਾਹਿਬ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ। ਇਸ ਪ੍ਰਕਾਰ ਗੁਰੂ ਸਾਹਿਬ ਦੀ ਓਟ ਆਸਰੇ ਵਿੱਚ ਕਾਲਜ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਉਪਰੰਤ ਸੈਸ਼ਨ ਦਾ ਆਰੰਭ ਹੋਇਆ। ਇਸ ਸਮੇਂ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਰਮਾਤਮਾ ਦੀ ਮੁਹੱਬਤ ਵਿਚ ਬਹੁਤ ਬਰਕਤ ਹੈ ਅਤੇ ਲਾਇਲਪੁਰ ਖ਼ਾਲਸਾ ਕਾਲਜ ਦੀ ਇਹ ਪਰੰਪਰਾ ਰਹੀ ਹੈ ਕਿ ਇਥੇ ਹਰ ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵਿਦਿਅਕ, ਖੇਡਾਂ, ਖੋਜ ਅਤੇ ਕਲਚਰਲ ਖੇਤਰ ਵਿੱਚ ਉੱਚ ਪ੍ਰਾਪਤੀਆਂ ਕੀਤੀਆਂ ਹਨ। ਪਰਮਾਤਮਾ ਤੇ ਓਟ ਆਸਰੇ ਸਦਕਾ ਅਸੀਂ ਇਸ ਸਾਲ ਵੀ ਹਰ ਖੇਤਰ ਵਿੱਚ ਉੱਚ ਪ੍ਰਾਪਤੀਆਂ ਕਰਾਂਗੇ। ਕਿਸੇ ਵੀ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਪਰਮਾਤਮਾ ਦਾ ਅਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਕੰਮ ਸਦਾ ਹੀ ਨੇਪਰੇ ਚੜ੍ਹਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਦੇ ਹੋਏ ਕਿਹਾ ਕਿ ਉਹ ਪੜ੍ਹਾਈ, ਖੇਡਾਂ, ਖੋਜ ਅਤੇ ਕਲਚਰਲ ਖੇਤਰ ਵਿੱਚ ਮਿਹਨਤ ਕਰਕੇ ਆਪਣਾ, ਆਪਣੇ ਮਾਪਿਆਂ ਦਾ ਅਤੇ ਕਾਲਜ ਦੇ ਨਾਮ ਨੂੰ ਰੋਸ਼ਨ ਕਰਨ।

ਉਹਨਾਂ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਸਦਕਾ ਹੀ ਇਹ ਕਾਲਜ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਵਜੋਂ ਜਾਣੀ ਜਾਂਦੀ ਹੈ। ਮੰਚ ਸੰਚਾਲਨ ਦੀ ਭੂਮਿਕਾ ਡਾ. ਹਰਜਿੰਦਰ ਸਿੰਘ ਸੇਖੋਂ ਨੇ ਨਿਭਾਈ । ਇਸ ਮੌਕੇ ਗਵਰਨਿੰਗ ਕੌਂਸਲ, ਪ੍ਰਿੰਸੀਪਲ, ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜਰ ਹੋਏ।

Leave a Reply

Your email address will not be published. Required fields are marked *