
ਪ੍ਰਧਾਨ ਮੰਤਰੀ ਮੋਦੀ ਨੇ ਓਬੀਸੀ ਕਮਿਸ਼ਨ ਦਾ ਗਠਨ ਕਰਕੇ ਦਿੱਤੀਆਂ ਸੰਵਿਧਾਨਕ ਸ਼ਕਤੀਆਂ: ਨਾਇਬ ਸਿੰਘ ਸੈਣੀ
ਜਲੰਧਰ 22 ਅਪ੍ਰੈਲ (ਜਸਵਿੰਦਰ ਸਿੰਘ ਆਜ਼ਾਦ)- ਭਾਜਪਾ ਓ.ਬੀ.ਸੀ ਮੋਰਚਾ ਦੇ ਕੌਮੀ ਇੰਚਾਰਜ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਭਾਰਤ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਕੈਬਨਿਟ ਮੀਟਿੰਗ ਵਿਚ ਬਿੱਲ ਪਾਸ ਕਰਕੇ ਉਸਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕਰਵਾ ਕੇ ਰਾਸ਼ਟਰੀ ਓਬੀਸੀ ਕਮਿਸ਼ਨ ਦਾ ਗਠਨ ਕੀਤਾ ਅਤੇ ਇਸ ਨੂੰ ਸੰਵਿਧਾਨਕ ਸ਼ਕਤੀਆਂ ਵੀ ਦਿੱਤੀਆਂ ਅਤੇ ਓਬੀਸੀ ਕਮਿਸ਼ਨ ਦੇ ਚੇਅਰਮੈਨ ਨੂੰ ਕੈਬਨਿਟ ਮੰਤਰੀ ਦੇ ਬਰਾਬਰ ਦਰਜਾ ਦਿੱਤਾ, ਜਿਸ ਦਾ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਸ਼ੁਰੂ ਤੋਂ ਹੀ ਵਿਰੋਧ ਕਰਦੀਆਂ ਰਹੀਆਂ ਸਨ।
ਭਾਜਪਾ ਚੋਣ ਦਫ਼ਤਰ ਲਾਜਪਤ ਨਗਰ ਵਿਖੇ ਉਲੀਕੀ ਗਈ ਪ੍ਰੈਸ ਕਾਨਫਰੰਸ ਦੌਰਾਨ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ। ਨਾਇਬ ਸਿੰਘ ਸੈਣੀ ਨੇ ਓ.ਬੀ.ਸੀ.ਸਮਾਜ ਦੇ ਲੋਕਾਂ ਅਤੇ ਹੋਰਨਾਂ ਸਭਨਾਂ ਨੂੰ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਵੋਟ ਪਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਭਾਜਪਾ ਉਮੀਦਵਾਰ ਅਟਵਾਲ ਦੀ ਜਿੱਤ ਜਲੰਧਰ ਦੇ ਲੋਕਾਂ ਅਤੇ ਵਿਕਾਸ ਦੀ ਜਿੱਤ ਹੈ, ਜੋ ਕਿ ਆਉਣ ਵਾਲੇ ਕੱਲ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ।
ਅੱਜ ਘੱਟ ਗਿਣਤੀ ਵਰਗ ਦੇ ਲੋਕ ਸਮਾਜ ਅਤੇ ਦੇਸ਼ ਦੇ ਵਿਕਾਸ ਵਿਚ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਓ.ਬੀ.ਸੀ ਕਮਿਸ਼ਨ ਦੇ ਗਠਨ ਕਾਰਨ ਅੱਜ ਘੱਟ ਗਿਣਤੀ ਵਰਗ ਦੇ ਲੋਕ ਸਮਾਜ ਅਤੇ ਦੇਸ਼ ਦੇ ਵਿਕਾਸ ਵਿਚ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ ਅਤੇ ਇਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨਾਂ ਦੀ ਅਗਵਾਈ ਵਾਲੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਜਾਂਦਾ ਹੈ।
ਇੰਨਾ ਹੀ ਨਹੀਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਓਬੀਸੀ ਸਮਾਜ ਦੇ ਵਿਦਿਆਰਥੀਆਂ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਲਾਭ ਦੇਸ਼ ਦੇ ਓਬੀਸੀ ਸਮਾਜ ਦੇ ਵਿਦਿਆਰਥੀ ਲੈ ਰਹੇ ਹਨ, ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਓ.ਬੀ.ਸੀ., ਦਲਿਤ ਸਮਾਜ ਆਦਿ ਦੇ ਵਿਦਿਆਰਥੀਆਂ ਨੂੰ ਇਸਦਾ ਕੋਈ ਲਾਭ ਨਹੀਂ ਦੇ ਰਹੀ। ਕੇਂਦਰ ਸਰਕਾਰ ਵੱਲੋਂ ਭੇਜੀ ਗਈ ਰਾਸ਼ੀ ਉਨ੍ਹਾਂ ਤੱਕ ਨਹੀਂ ਪਹੁੰਚਾ ਰਹੀ। ਜਿਸ ਕਾਰਨ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਨਤਾ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਖਾਸ ਆਦਮਿਆਂ ਦੀ ਸਰਕਾਰ ਬਣ ਗਈ ਹੈ। ਅੱਜ ਕੇਜਰੀਵਾਲ, ਭਗਵੰਤ ਮਾਨ ਅਤੇ ਉਨ੍ਹਾਂ ਦੇ ਮੰਤਰੀ ਅਤੇ ਵਿਧਾਇਕ ਸਖ਼ਤ ਸੁਰੱਖਿਆ ਹੇਠ ਰਹਿ ਰਹੇ ਹਨ ਅਤੇ ਵੀਵੀਆਈਪੀ ਟ੍ਰੀਟਮੇੰਟ ਦਾ ਆਨੰਦ ਮਾਣ ਰਹੇ ਹਨ। ਜਨਤਾ ਇਹਨਾਂ ਦੇ ਝੂਠ ਅਤੇ ਉਨ੍ਹਾਂ ਦੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਜਾਣ ਚੁੱਕੀ ਹੈ ਅਤੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਭਵਿਖ ਦੇ ਬਦਲ ਵਜੋਂ ਚੁਣ ਚੁੱਕੀ ਹੈ।
ਇਸ ਮੌਕੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਦੇ ਨਾਲ ਮੰਚ ’ਤੇ ਘੱਟ ਗਿਣਤੀ ਮੋਰਚਾ ਦੇ ਸੂਬਾ ਪ੍ਰਧਾਨ ਰਜਿੰਦਰ ਬਿੱਟਾ, ਅਨਿਲ ਸੱਚਰ, ਸੂਬਾ ਮੀਡੀਆ ਸਕੱਤਰ ਜਨਾਰਦਨ ਸ਼ਰਮਾ, ਰਮਨ ਪੱਬੀ, ਅਮਿਤ ਭਾਟੀਆ, ਸਤਨਾਮ ਬਿੱਟਾ ਆਦਿ ਵੀ ਹਾਜ਼ਰ ਸਨ।