ਪੇਡ ਨਿਊਜ ’ਤੇ ਨਜ਼ਰ ਰੱਖੇਗਾ ਐਮ.ਸੀ.ਐਮ.ਸੀ. ਸੈਲ

  • By admin
  • April 11, 2023
  • 0
ਪੇਡ ਨਿਊਜ

ਉਮੀਦਵਾਰਾਂ ਦੇ ਚੋਣ ਪ੍ਰਚਾਰ ਦੇ ਕੰਟੈਂਟ ਦੀ ਪ੍ਰੀ-ਸਰਟੀਫਿਕੇਸ਼ਨ ਕਰੇਗੀ ਐਮ.ਸੀ.ਐਮ.ਸੀ., ਸੋਸ਼ਲ ਮੀਡੀਆ ਦੀ ਵੀ ਲਗਾਤਾਰ ਹੋਵੇਗੀ ਮੋਨੀਟਰਿੰਗ

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਕਮਰਾ 14-ਏ ’ਚ ਸਥਾਪਿਤ ਸੈਲ ਦਾ ਦੌਰਾ

ਜਲੰਧਰ 11 ਅਪ੍ਰੈਲ (ਜਸਵਿੰਦਰ ਸਿੰਘ ਆਜ਼ਾਦ)- ਲੋਕ ਸਭਾ ਦੀ 10 ਮਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਚੋਣ ਕਮਿਸ਼ਨ ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਸਥਾਪਿਤ ਕੀਤਾ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਸੈਲ ਪੇਡ ਨਿਊਜ ’ਤੇ ਲਗਾਤਾਰ ਨਿਗ੍ਹਾ ਰੱਖਣ ਦੇ ਨਾਲ-ਨਾਲ ਉਮੀਦਵਾਰਾਂ ਦੀ ਸਿਆਸੀ ਪ੍ਰਚਾਰ ਸਮੱਗਰੀ ਦੇ ਹਰ ਤਰ੍ਹਾਂ ਦੇ ਕੰਟੈਂਟ ਦੀ ਪ੍ਰੀ-ਸਰਟੀਫਿਕੇਸ਼ਨ ਕਰਕੇ ਮਨਜ਼ੂਰੀ ਦੇਵੇਗਾ।

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਕਮਰਾ ਨੰਬਰ 14-ਏ ਵਿੱਚ ਸਥਾਪਿਤ ਐਮ.ਸੀ.ਐਮ.ਸੀ. ਸੈਲ ਵਿਖੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਲਗਾਤਾਰ ਨਿਊਜ ਚੈਨਲਾਂ ਅਤੇ ਪ੍ਰਿੰਟ ਮੀਡੀਆ ਵਿੱਚ ਛਪਣ ਵਾਲੀਆਂ ਖ਼ਬਰਾਂ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਐਮ.ਸੀ.ਐਮ.ਸੀ. ਵਲੋਂ ਚੋਣ ਲੜ ਰਹੇ ਉਮੀਦਵਾਰਾਂ/ਪਾਰਟੀਆਂ ਵਲੋਂ ਇਸ਼ਤਿਹਾਰਾਂ ਅਤੇ ਹੋਰ ਪ੍ਰਚਾਰ ਸਮੱਗਰੀ ਉਤੇ ਕੀਤੇ ਜਾ ਰਹੇ ਖ਼ਰਚਿਆਂ ਦੇ ਵੇਰਵੇ ਵੀ ਚੋਣ ਖ਼ਰਚਾ ਕਮੇਟੀ ਨੂੰ ਭੇਜ ਕੇ ਉਮੀਦਵਾਰਾਂ ਦੇ ਚੋਣ ਖ਼ਰਚੇ ਵਿੱਚ ਸ਼ਾਮਿਲ ਕਰਵਾਏ ਜਾਣਗੇ।

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਰਿੰਦਰਪਾਲ ਸਿੰਘ ਬਾਜਵਾ, ਜੋ ਕਿ ਐਮ.ਸੀ.ਐਮ.ਸੀ ਦੇ ਚੇਅਰਮੈਨ ਹਨ, ਨੇ ਅੱਜ ਸੈਲ ਦਾ ਦੌਰਾ ਕਰਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਪਣਾਈ ਜਾ ਰਹੀ ਪ੍ਰਕਿਰਿਆ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਵਲੋਂ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਅਤੇ ਹੋਰ ਪ੍ਰਚਾਰ ਸਮੱਗਰੀ ਜਿਵੇਂ ਕਿ ਪੈਂਫਲੇਟ, ਪੋਸਟਰ, ਬੈਨਰ, ਫਲੈਕਸ ਹੋਰਡਿੰਗਜ਼ ਆਦਿ ਜਿਸ ’ਤੇ ਪ੍ਰਿੰਟਰ, ਪਬਲੀਸ਼ਰ ਦਾ ਨਾਮ ਤੇ ਪਤਾ ਲਾਜ਼ਮੀ ਲਿਖਿਆ ਹੋਣਾ ਚਾਹੀਦਾ ਹੈ ਦੀ ਪ੍ਰੀ ਸਰਟੀਫਿਕੇਸ਼ਨ ਐਮ.ਸੀ.ਐਮ.ਸੀ. ਵਲੋਂ ਕੀਤੀ ਜਾਵੇਗੀ ਜਿਸ ਦਾ ਖ਼ਰਚਾ ਚੋਣ ਖ਼ਰਚੇ ਵਿੱਚ ਜੋੜਿਆ ਜਾਵੇਗਾ।

ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਹਰ ਹਾਲ ਯਕੀਨੀ ਬਣਾਇਆ ਜਾਵੇ

ਉਨ੍ਹਾਂ ਨੇ ਸਬੰਧਿਤ ਧਿਰਾਂ ਨੂੰ ਅਪੀਲ ਕੀਤੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਹਰ ਹਾਲ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਦਿੱਤੇ ਜਾਣ ਵਾਲੇ ਸਿਆਸੀ ਇਸ਼ਤਿਹਾਰਾਂ ਦੀ ਵੀ ਪ੍ਰੀ-ਸਰਟੀਫਿਕੇਸ਼ਨ ਜਰੂਰੀ ਹੈ ਅਤੇ ਸੋਸ਼ਲ ਮੀਡੀਆ ’ਤੇ ਵੀ ਸੈਲ ਦੀ ਵਿਸ਼ੇਸ਼ ਨਜ਼ਰ ਰਹੇਗੀ। ਉਨ੍ਹਾਂ ਦੱਸਿਆ ਕਿ ਸਿਆਸੀ ਚੋਣ ਪ੍ਰਚਾਰ ਦੌਰਾਨ ਥੋਕ ਵਿੱਚ ਐਸ.ਐਮ.ਐਸ. ਅਤੇ ਵਾਇਸ ਮੈਸੇਜ ਲਈ ਵੀ ਸਰਟੀਫਿਕੇਸ਼ਨ ਜਰੂਰੀ ਹੈ। ਉਨ੍ਹਾਂ ਨੇ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੇ ਪ੍ਰਚਾਰ ਸਮੱਗਰੀ ਨੂੰ ਐਮ.ਸੀ.ਐਮ.ਸੀ.ਵਲੋਂ ਦਿੱਤੀ ਮਨਜ਼ੂਰੀ ਅਨੁਸਾਰ ਹੀ ਛਾਪਿਆ/ਟੈਲੀਕਾਸਟ ਕੀਤਾ ਜਾਵੇ।

ਇਸ਼ਤਿਹਾਰਾਂ ਅਤੇ ਸਿਆਸੀ ਪ੍ਰਚਾਰ ਸਮੱਗਰੀ ਦੀ ਸਰਟੀਫਿਕੇਸ਼ਨ ਲਈ ਬਿਨੈਕਾਰ ਨੂੰ ਇਸ਼ਤਿਹਾਰ ਅਤੇ ਇਸ ਸਬੰਧੀ ਆਉਣ ਵਾਲੇ ਖ਼ਰਚੇ ਬਾਰੇ ਲੋੜੀਂਦੇ ਵੇਰਵੇ ਦਿੰਦਿਆਂ ਐਮ.ਸੀ.ਐਮ.ਸੀ. ਨੂੰ ਬਿਨੈਪੱਤਰ ਦੇਵੇਗਾ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰਾਂ ਵਲੋਂ ਪ੍ਰੀ-ਸਰਟੀਫਿਕੇਸ਼ਨ ਲਈ ਦਿੱਤੇ ਪ੍ਰਚਾਰ ਕੰਟੈਂਟ ਦੀ ਪ੍ਰਵਾਨਗੀ ’ਤੇ ਕਮੇਟੀ ਵਲੋਂ ਫੈਸਲਾ ਬਿਨੈਪੱਤਰ ਪ੍ਰਾਪਤ ਹੋਣ ਤੋਂ ਦੋ ਦਿਨਾਂ ਦੌਰਾਨ ਲਿਆ ਜਾਵੇਗਾ।

ਇਸੇ ਤਰ੍ਹਾਂ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਦੇ ਈ-ਪੇਪਰ ਪਲੇਟਫਾਰਮਾਂ ’ਤੇ ਕੀਤੀ ਜਾਣ ਵਾਲੀ ਸਿਆਸੀ ਇਸ਼ਤਿਹਾਰਬਾਜ਼ੀ ਦੀ ਵੀ ਐਮ.ਸੀ.ਐਮ.ਸੀ. ਤੋਂ ਅਗਾਊਂ ਪ੍ਰਵਾਨਗੀ ਲੈਣੀ ਹੋਵੇਗੀ। ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰਨ ਵਾਲੀ ਤਾਰੀਕ ਤੋਂ ਪੇਡ ਨਿਊਜ, ਜੇਕਰ ਹੋਵੇ, ਤਾਂ ਇਸ ਸਬੰਧੀ ਮਾਮਲੇ ਵਿਚਾਰੇ ਜਾਣਗੇ। ਚੋਣ ਲੜ ਰਹੇ ਉਮੀਦਵਾਰਾਂ ਵਲੋਂ ਜਨਤਕ ਥਾਵਾਂ ’ਤੇ ਸਿਆਸੀ ਇਸ਼ਤਿਹਾਰਾਂ ਲਈ ਤਿਆਰ ਕਰਵਾਏ ਆਡੀਓ-ਵੀਜਿਊਅਲ ਡਿਸਪਲੇਅ ਦੀ ਵੀ ਸਰਟੀਫਿਕੇਸ਼ਨ ਕਰਵਾਉਣੀ ਹੋਵੇਗੀ।

Leave a Reply

Your email address will not be published. Required fields are marked *