ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਮੋਦੀ ਅਤੇ ਭਾਜਪਾ ਨੂੰ ਮਜ਼ਬੂਤ ਕਰੋ: ਦਲਜੀਤ ਸਿੰਘ ਕੋਹਲੀ

ਪੰਜਾਬ

ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹਨ ਕੋਹਲੀ: ਜੀਵਨ ਗੁਪਤਾ

ਜਲੰਧਰ 2 ਮਈ (ਜਸਵਿੰਦਰ ਸਿੰਘ ਆਜ਼ਾਦ)- ਯੂ.ਪੀ.ਏ. ਸਰਕਾਰ ਵਿੱਚ 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਡਾ: ਮਨਮੋਹਨ ਸਿੰਘ ਦੇ ਭਰਾ ਦਲਜੀਤ ਸਿੰਘ ਕੋਹਲੀ ਨੇ ਪੰਜਾਬ ਅਤੇ ਜਲੰਧਰ ਦੇ ਲੋਕਾਂ ਨੂੰ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਭਾਰਤੀ ਜਨਤਾ ਪਾਰਟੀ ਦੇ ਹੱਥ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸਦੀ ਸ਼ੁਰੂਆਤ ਜਲੰਧਰ ਲੋਕ ਸਭਾ ਜਿਮਣੀ ਚੋਣ ਤੋਂ ਕੀਤੀ ਜਾਵੇ।

ਭਾਜਪਾ ਦੇ ਚੋਣ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਭਾਰੀ ਵੋਟਾਂ ਨਾਲ ਜਿਤਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਦੇ ਵਧੇਰੇ ਨੇੜੇ ਹਨ। ਇਸ ਲਈ ਪੰਜਾਬ ਦੀ ਤਰੱਕੀ ਲਈ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰੋ।

ਦਲਜੀਤ ਸਿੰਘ ਕੋਹਲੀ ਨੇ ਕਿਹਾ ਕਿ ਉਹ ਦੇਸ਼ ਦੇ ਹਿੱਤ ਅਤੇ ਪੰਜਾਬ ਦੇ ਉੱਜਵਲ ਭਵਿੱਖ ਲਈ ਭਾਜਪਾ ਦਾ ਸਾਥ ਦੇ ਰਹੇ ਹਨ। ਡਾ: ਮਨਮੋਹਨ ਸਿੰਘ ਨੂੰ ਆਪਣੇ ਪਿਤਾ ਵਾਂਗ ਦਸਦਿਆਂ ਉਹਨਾ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਦਾ ਸਤਿਕਾਰ ਕਰਦਾ ਹੈ, ਭਾਰਤ ਦੀ ਜਨਤਾ ਪਾਰਟੀ ਵੀ ਉਨ੍ਹਾਂ ਦਾ ਸਤਿਕਾਰ ਕਰਦੀ ਹੈ। ਇਸ ਲਈ ਉਹ ਉਨ੍ਹਾਂ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਹ ਕਾਂਗਰਸ ਵਿੱਚ ਕਿਉਂ ਸ਼ਾਮਲ ਹੋਏ, ਉਨ੍ਹਾਂ ਦਾ ਨਿੱਜੀ ਫੈਸਲਾ ਸੀ।

ਮੈਂ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਿਉਂ ਕਰ ਰਿਹਾ ਹਾਂ, ਇਸ ਬਾਰੇ ਉਨ੍ਹਾਂ ਨੇ ਕਦੇ ਕੁਝ ਨਹੀਂ ਕਿਹਾ। ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਪਿਤਾ ਦੀ ਸ਼ਖ਼ਸੀਅਤ ਮੰਨਣ ਵਾਲੇ ਦਲਜੀਤ ਸਿੰਘ ਕੋਹਲੀ ਨੇ ਡਾ: ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੌਰਾਨ ਯੂ.ਪੀ.ਏ. ਸਰਕਾਰ ਵਿੱਚ ਹੋਏ ਘੁਟਾਲਿਆਂ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਦੇਸ਼ ਵਿੱਚ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹਨ, ਉਨ੍ਹਾਂ ਸੂਬਿਆਂ ਨੇ ਪੰਜਾਬ ਨਾਲੋਂ ਕਿਤੇ ਅੱਗੇ ਤਰੱਕੀ ਕੀਤੀ ਹੈ

ਦਲਜੀਤ ਸਿੰਘ ਕੋਹਲੀ ਨੇ ਕਿਹਾ ਕਿ ਦੇਸ਼ ਵਿੱਚ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹਨ, ਉਨ੍ਹਾਂ ਸੂਬਿਆਂ ਨੇ ਪੰਜਾਬ ਨਾਲੋਂ ਕਿਤੇ ਅੱਗੇ ਤਰੱਕੀ ਕੀਤੀ ਹੈ, ਪਰ ਪੰਜਾਬ ਪਛੜ ਰਿਹਾ ਹੈ। ਇਸੇ ਲਈ ਉਹ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰ ਰਹੇ ਹਨ, ਤਾਂ ਜੋ ਪੰਜਾਬ ਵੀ ਤਰੱਕੀ ਕਰ ਸਕੇ।

ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਇਸ ਮੌਕੇ ਕਿਹਾ ਕਿ ਦਲਜੀਤ ਸਿੰਘ ਕੋਹਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਲੋਕ ਭਲਾਈ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਸਪੱਸ਼ਟ ਤੌਰ ‘ਤੇ ਭਾਜਪਾ ਦੇ ਸਮਰਥਨ ‘ਚ ਆਏ ਹਨ ਅਤੇ ਉਹ ਚਾਹੁੰਦੇ ਹਨ ਕਿ ਪੰਜਾਬ ਆਰਥਿਕ ਤੌਰ ‘ਤੇ ਮਜ਼ਬੂਤ ਹੋਵੇI ਇਸ ਮੌਕੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਅਕਾਲੀ ਦਲ ਯੂਨਾਈਟਿਡ ਦੇ ਜਿਲਾ ਪ੍ਰਧਾਨ ਗੁਰਚਰਨ ਸਿੰਘ ਚੰਨੀ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਮਰੀ ਅਤੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *