ਪੰਜਾਬ ਦੇ ਸਿੱਖਿਆ ਮੰਤਰੀ ਨੇ ਏਡਿਡ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਛੇਵਾਂ ਪੇ-ਕਮੀਸ਼ਨ ਦੇਣ ਦਾ ਦਿੱਤਾ ਆਸ਼ਵਾਸਨ

ਸਿੱਖਿਆ ਮੰਤਰੀ

ਜਲੰਧਰ 2 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਦੇ ਏਡਿਡ ਕਾਲਜਾਂ ਵੱਲੋਂ ਗਠਿਤ ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ (ਏਡਿਡ ਅਤੇ ਅਨਏਡਿਡ) ਦਾ ਇੱਕ ਵਫ਼ਦ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਸ. ਹਰਜੋਤ ਬੈਂਸ ਨੂੰ ਮਿਲਿਆ ਜਿਸ ਦੀ ਅਗੁਵਾਈ ਕਾਰਜਕਾਰੀ ਪ੍ਰਧਾਨ ਸ਼੍ਰੀ ਰਜੀਵ ਸ਼ਰਮਾ, ਸ. ਜਗਦੀਪ ਸਿੰਘ, ਜਨਰਲ ਸਕੱਤਰ, ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ (ਏਡਿਡ ਅਤੇ ਅਣਏਡਿਡ) ਨੇ ਕੀਤੀ। ਯੂਨੀਅਨ ਦੇ ਅਹੁਦੇਦਾਰਾਂ ਸਮੇਤ ਆਪਣੇ ਸਾਥੀਆਂ ਨਾਲ ਉਹਨਾਂ ਨੇ ਸਿੱਖਿਆ ਮੰਤਰੀ ਨੂੰ ਆਪਣੀਆਂ ਮੰਗਾਂ ਪੇਸ਼ ਕੀਤੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਦੇ ਪੂਰਾ ਨਾ ਹੋਣ ਕਾਰਨ ਸਮੂਹ ਨਾਨ-ਟੀਚਿੰਗ ਸਟਾਫ਼ ਵਿੱਚ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਛੇਵਾਂ ਪੇ-ਕਮੀਸ਼ਨ ਨੂੰ ਲਾਗੂ ਕਰਨਾ, ਦਸੰਬਰ 2011 ਤੋਂ ਸੋਧੇ ਹੋਏ ਗ੍ਰੇਡ ਪੇਅ ਦਾ ਨੋਟੀਫਿਕੇਸ਼ਨ, ਵਧਿਆ ਮਕਾਨ ਕਿਰਾਇਆ ਅਤੇ ਸੋਧਿਆ ਮੈਡੀਕਲ ਭੱਤਾ ਸ਼ਾਮਲ ਹਨ।

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਮੂਹ ਨਾਨ-ਟੀਚਿੰਗ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਆਪ ਸਰਕਾਰ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਜਲਦ ਹੀ ਕਰਮਚਾਰੀਆਂ ਨੂੰ ਇਸ ਦਾ ਸਿੱਟਾ ਮਿਲੇਗਾ। ਸ. ਜਗਦੀਪ ਸਿੰਘ ਨੇ ਸ਼੍ਰੀ ਆਨੰਦਪੁਰ ਸਾਹਿਬ ਕਾਲਜ ਦੇ ਨਾਨ ਟੀਚਿੰਗ ਕਰਮਚਾਰੀਆਂ ਦਾ ਵੀ ਉਚੇਚੇ ਤੌਰ ਤੇ ਇਸ ਮੀਟਿੰਗ ਲਈ ਵੀ ਧੰਨਵਾਦ ਕੀਤਾ। ਇਸ ਮੌਕੇ ਯੂਨੀਅਨ ਦੇ ਆਗੂ ਸ. ਸਵਿੰਦਰ ਸਿੰਘ ਗੋਲਾ, ਦੀਪਕ ਸ਼ਰਮਾ, ਸ. ਅਮਰੀਕ ਸਿੰਘ, ਸ਼੍ਰੀ ਪ੍ਰੇਮ ਸਿੰਘ, ਸ. ਹਰਿੰਦਰ ਸਿੰਘ ਟੋਹੜਾ, ਸ਼੍ਰੀ ਤਜਿੰਦਰ ਸਿੰਘ, ਸ਼੍ਰੀ ਰਵਿੰਦਰ ਵਸ਼ਿਸ਼ਟ ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਸਨ।

By admin

Related Post