
ਕੇਂਦਰ ਸਰਕਾਰ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦੇਵੇ ਵਿੱਤੀ ਸਹਾਇਤਾ – ਧਾਲੀਵਾਲ
ਫਗਵਾੜਾ 20 ਨਵੰਬਰ (ਹਰੀਸ਼ ਭੰਡਾਰੀ)- ਦਿੱਲੀ ਦੇ ਕਿਸਾਨ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਫਗਵਾੜਾ ਕਾਂਗਰਸ ਵੱਲੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਗੁਰੂ ਹਰਗੋਬਿੰਦ ਨਗਰ ਵਿੱਚ ਸਥਿਤ ਬਲੱਡ ਬੈਂਕ ਦੇ ਬਾਹਰ ਮਨੁੱਖੀ ਚੇਨ ਬਣਾਈ ਅਤੇ ਕੈਂਡਲ ਜਲਾ ਕੇ ਉਨ੍ਹਾਂ ਨੂੰ ਸ਼ਰਧਾਜਲੀ ਦਿੱਤੀ। ਇਸ ਦੌਰਾਨ ਮਨੁੱਖੀ ਚੇਨ ਵਿੱਚ ਖੜੇ ਹੋਏ ਸਾਰੇ ਲੋਕਾਂ ਨੇ ਸਤਨਾਮ ਵਾਹਿਗੁਰੂ ਦੇ ਜਾਪ ਦੇ ਨਾਲ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ । ਸ਼ਨੀਵਾਰ ਸ਼ਾਮ ਨੂੰ ਕਾਂਗਰਸ ਪਾਰਟੀ ਹਾਈਕਮਾਨ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਤੇ ਕਾਂਗਰਸੀ ਨੇਤਾ ਅਤੇ ਵਰਕਰਾਂ ਵੱਲੋਂ ਗੁਰੂ ਹਰਗੋਬਿੰਦ ਨਗਰ ਵਿੱਚ ਇਕੱਠੇ ਹੋਏ। ਜਿੱਥੇ ਸਾਰਿਆਂ ਨੇ ਅਰਦਾਸ ਕਰ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪਹਿਲਾਂ ਤਾਂ ਕਿਸਾਨਾਂ ਦੇ ਨਾਲ ਧੋਖਾ ਕਰਦੇ ਹੋਏ ਕਾਲੇ ਖੇਤੀਬਾੜੀ ਕਨੂੰਨ ਪਾਸ ਕੀਤੇ । ਜਦੋਂ ਕਿਸਾਨ ਇਸ ਖੇਤੀਬਾੜੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਸੀਮਾਵਾਂ ਉੱਤੇ ਪੁੱਜੇ ਤਾਂ ਭਾਜਪਾ ਦੇ ਨੇਤਾਵਾਂ ਵੱਲੋਂ ਉਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ ਅਤੇ ਕਿਸਾਨਾਂ ਲਈ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ । ਉਨ੍ਹਾਂ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੂੰ ਲੱਗਾ ਕਿ ਹੁਣ ਕਿਸਾਨਾਂ ਦੇ ਸੰਘਰਸ਼ ਨੂੰ ਖਤਮ ਨਹੀਂ ਕਰ ਪਾਏਗੀ ਤਾਂ ਉਸਨੇ ਇਸ ਨੂੰ ਬਦਨਾਮ ਕਰਣ ਅਤੇ ਦਬਾਣ ਦੀ ਕੋਸ਼ਿਸ਼ ਕੀਤੀ । ਪਰ ਅੰਤ ਵਿੱਚ ਕੇਂਦਰ ਸਰਕਾਰ ਦਾ ਅਹੰਕਾਰ ਟੁੱਟ ਗਿਆ ਅਤੇ ਉਸਨੂੰ ਕਿਸਾਨਾਂ ਦੀਆਂ ਮੰਗਾ ਦੇ ਅੱਗੇ ਝੁਕਣਾ ਪਿਆ। ਉਨ੍ਹਾਂ ਨੇ ਕਿਹਾ ਕਿ ਇਸ ਅੰਦੋਲਨ ਵਿੱਚ ਕਰੀਬਨ 700 ਕਿਸਾਨ ਸ਼ਹੀਦ ਹੋਏ ਹਨ। ਕੇਂਦਰ ਸਰਕਾਰ ਨੂੰ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਮੌਤ ਲਈ ਸਾਰਵਜਨਿਕ ਰੂਪ ‘ਚ ਮਾਫੀ ਮੰਗਣੀ ਚਾਹੀਦੀ ਹੈ ਅਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾ ਨੂੰ ਪੂਰਾ ਕਰੇ ਤਾਂ ਜੋਂ ਸਾਡੇ ਦੇਸ਼ ਦਾ ਕਿਸਾਨ ਆਰਥਿਕ ਰੂਪ ਵਜੋਂ ਸਸ਼ਕਤ ਅਤੇ ਮਜਬੂਤ ਹੋ ਸਕੇ । ਇਸ ਮੌਕੇ ਚੇਅਰਮੈਨ, ਵਾਈਸ ਚੇਅਰਮੈਨ, ਮਹਿਲਾ ਵਿੰਗ, ਯੂਥ ਵਿੰਗ, ਸਾਬਕਾ ਕੋਂਸਲਰ ਵੀ ਮੌਜੂਦ ਸਨ।