
ਕਾਂਗਰਸ ਤੇ ‘ਆਪ’ ਨੇ ਜਲੰਧਰ ਦਾ ਵਿਕਾਸ ਨਹੀਂ ਵਿਨਾਸ਼ ਕੀਤਾ ਹੈ : ਕੇਡੀ ਭੰਡਾਰੀ
ਜਲੰਧਰ 3 ਮਈ (ਜਸਵਿੰਦਰ ਸਿੰਘ ਆਜ਼ਾਦ)- ਜਲੰਧਰ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਲਈ ਕਰੀਬ 900 ਕਰੋੜ ਰੁਪਏ ਤੋਂ ਵੀ ਵਧ ਜਾਰੀ ਕੀਤੇ ਹਨ, ਪਰ ਜਿਸ ਤਰ੍ਹਾਂ ਫੰਡਾਂ ਨੂੰ ਖੁਰਦ ਪੁਰਦ ਕੀਤਾ ਗਿਆ ਹੈ, ਉਸ ਦੇ ਇਕ-ਇਕ ਪੈਸੇ ਦਾ ਹਿਸਾਬ ਲਿਆ ਜਾਵੇਗਾ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇੰਦਰ ਇਕਬਾਲ ਸਿੰਘ ਅਟਵਾਲ ਭਾਜਪਾ ਦੇ ਮੰਡਲ ਨੰਬਰ 3 ਦੇ ਵਿਕਾਸਪੁਰੀ ਖੇਤਰ ਵਿੱਚ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਅਜਿਹੇ ‘ਚ ਸਮਾਰਟ ਸਿਟੀ ਦੇ 900 ਕਰੋੜ ਤੋਂ ਵਧ ਰੁਪਏ ਸਮਾਰਟ ਸਿਟੀ ‘ਤੇ ਹੀ ਖਰਚ ਕੀਤੇ ਜਾਣੇ ਹਨ, ਇਸ ਲਈ ਲੋਕਾਂ ਨੂੰ ਭਾਜਪਾ ਦੇ ਸੰਸਦ ਮੈਂਬਰ ਬਣਾਉਣਾ ਪੈਵੇਗਾ।
ਇਸ ਮੌਕੇ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਕੇ.ਡੀ ਭੰਡਾਰੀ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਹਿਰਾਂ ਅਤੇ ਪੰਜਾਬ ਦਾ ਵਿਕਾਸ ਕਰਨ ਦੀ ਬਜਾਏ ਵਿਨਾਸ਼ ਹੀ ਕੀਤਾ ਹੈ। ਸਿਰਫ਼ ਵਿਕਾਸ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਅੱਜ ਹਰ ਸ਼ਹਿਰ, ਹਰ ਵਿਧਾਨ ਸਭਾ ਹਲਕੇ ਦਾ ਬੁਰਾ ਹਾਲ ਹੈ। ਇਸ ਲਈ ਲੋਕਾਂ ਦੀਆਂ ਉਮੀਦਾਂ ਹੁਣ ਭਾਜਪਾ ਤੋਂ ਹੀ ਹਨ। ਕੇਡੀ ਭੰਡਾਰੀ ਨੇ ਕਿਹਾ ਕਿ ਦੇਸ਼ ਵਿੱਚ ਜਿੱਥੇ ਵੀ ਭਾਜਪਾ ਦੀ ਸਰਕਾਰ ਹੈ, ਉੱਥੇ ਵਿਕਾਸ ਹੋ ਰਿਹਾ ਹੈ ਅਤੇ ਗੈਰ-ਭਾਜਪਾ ਸ਼ਾਸਿਤ ਸੂਬੇ ਲਗਾਤਾਰ ਪਛੜ ਰਹੇ ਹਨ। ਇਸ ਲਈ ਭਾਜਪਾ ਦੀ ਸਰਕਾਰ ਬਣਾਉਣ ਦਾ ਸਮਾਂ ਆ ਗਿਆ ਹੈ ਤਾਂ ਜੋ ਪੰਜਾਬ ਦਾ ਵਿਕਾਸ ਹੋ ਸਕੇ। ਇਸ ਮੌਕੇ ਵਰਕਰਾਂ ਨੇ ਭਾਜਪਾ ਉਮੀਦਵਾਰ ਨੂੰ ਜਿਤਾਉਣ ਦਾ ਪ੍ਰਣ ਲਿਆ।