ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ ਨੂੰ ਸਮਰਪਿੱਤ

  • By admin
  • November 25, 2022
  • 0
ਸ੍ਰੀ ਗੁਰੂ ਤੇਗ ਬਹਾਦਰ ਜੀ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਘਰ 5 ਵੈਸਾਖ, ਸੰਮਤ 1678 ਬਿ. ਨੂੰ ਸ੍ਰੀ ਅੰਮ੍ਰਿਤਸਰ ਸਾਹਿਬ (ਗੁਰੂ ਕੇ ਮਹਿਲ) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ। ਬਚਪਨ ਤੋਂ ਹੀ ਆਪ ਜੀ ਦਲੇਰ, ਤਿਆਗੀ, ਪਰਉਪਕਾਰੀ ਅਤੇ ਸਾਧੂ ਸੁਭਾਅ ਦੇ ਮਾਲਕ ਸਨ। ਗੁਰਮਤਿ ਦੀ ਸਿੱਖਿਆ ਹਾਸਲ ਕਰਨ ਦੇ ਨਾਲ ਨਾਲ ਆਪ ਜੀ ਨੇ ਯੁੱਧ ਕਲਾ ਵੀ ਸਿੱਖੀ। ਆਪ ਜੀ ਨੇ ਕਰਤਾਰਪੁਰ ਦੀ ਜੰਗ ਵਿੱਚ ਤੇਗ ਦੇ ਉਹ ਜੌਹਰ ਦਿਖਾਏ ਕਿ ਆਪ ਜੀ ਦੇ ਪਿਤਾ ਜੀ, ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਤੇ ਪ੍ਰਸੰਨ ਹੋ ਕੇ ਆਪ ਜੀ ਦਾ ਨਾਮ ਤਿਆਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ।

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਹਿਲੂਰ ਦੇ ਰਾਜੇ ਦੀਪ ਚੰਦ ਪਾਸੋਂ ਮਾਖੋਵਾਲ ਪਿੰਡ ਦੀ ਜ਼ਮੀਨ ਮੁੱਲ ਲੈ ਕੇ ਅਕਤੂਬਰ 1665 ਈ. ਵਿੱਚ ਅਨੰਦਪੁਰ ਸਾਹਿਬ ਦੀ ਨੀਂਹ ਰੱਖੀ। ਇਸ ਨਗਰ ਦਾ ਪਹਿਲਾਂ ਨਾਮ ਚੱਕ ਨਾਨਕੀ ਸਤਿਗੁਰਾਂ ਨੇ ਆਪਣੀ ਮਾਤਾ ਜੀ ਦੇ ਨਾਮ ਤੇ ਰੱਖਿਆ ਸੀ, ਜੋ ਬਾਅਦ ਵਿੱਚ ਅਨੰਦਪੁਰ ਸਾਹਿਬ (ਅਨੰਦਾਂ ਦੀ ਪੁਰੀ) ਦੇ ਨਾਂ ਨਾਲ ਪ੍ਰਸਿੱਧ ਹੋਇਆ।

ਮੁੱਖ ਤੌਰ ਤੇ ਲੋਕਾਂ ਨੂੰ ਨਾ ਕਿਸੇ ਤੋਂ ਡਰਨ ਅਤੇ ਨਾ ਹੀ ਨੂੰ ਡਰਾਉਣ ਦੀ ਪ੍ਰੇਰਨਾ ਦਿੱਤੀ

ਗੁਰੂ ਵੱਲੋਂ ਧਾਰਮਿਕ ਪ੍ਰਚਾਰ ਅਤੇ ਮੁੱਖ ਤੌਰ ਤੇ ਲੋਕਾਂ ਨੂੰ ਨਾ ਕਿਸੇ ਤੋਂ ਡਰਨ ਅਤੇ ਨਾ ਹੀ ਨੂੰ ਡਰਾਉਣ ਦੀ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਅੰਦਰ ਕੁਰਬਾਨੀ ਦਾ ਜਜ਼ਬਾ ਭਰਿਆ। ਇਸ ਲਈ ਗੁਰੂ ਜੀ ਪੰਜਾਬ ਦੇ ਪਿੰਡਾਂ ਤੋਂ ਇਲਾਵਾ ਕੁਰੂਕਸ਼ੇਤਰ, ਦਿੱਲੀ, ਹਰਿਦੁਆਰ, ਮਥੁਰਾ, ਆਗਰਾ, ਕਾਨਪੁਰ, ਇਲਾਹਾਬਾਦ, ਬਨਾਰਸ, ਗਯਾ, ਢਾਕਾ ਅਤੇ ਆਸਾਮ ਆਦਿ ਦੇ ਇਲਾਕਿਆਂ ਵਿੱਚ ਗਏ। ਗੁਰੂ ਜੀ ਨੇ ਧੂਬੜੀ (ਅਸਾਮ) ਵਿਖੇ ਰਾਜਾ ਰਾਮ ਸਿੰਘ ਅਤੇ ਹੋਮੀ ਕਬੀਲੇ ਦੇ ਸਰਦਾਰ ਚੱਕਰਧਵੱਜ ਵਿੱਚ ਸੁਲ੍ਹਾ ਕਰਵਾਈ ਗੁਰੂ ਜੀ ਦੇ ਉਪਦੇਸ਼ਾਂ ਨੇ ਦੋਹਾਂ ਧਿਰਾਂ ਦੇ ਮਨਾਂ ਵਿੱਚੋਂ ਵੈਰ ਭਾਵਨਾ ਨੂੰ ਖ਼ਤਮ ਕਰ ਦਿੱਤਾ।

ਉਸ ਸਮੇਂ ਦੇ ਮੁਗਲ ਬਾਦਸ਼ਾਹ ਔਰੰਗਜੇਬ ਨੇ 1658 ਈ.ਤੋਂ 1707 ਈ ਤੱਕ ਆਪਣੇ ਸ਼ਾਸ਼ਨ ਕਾਲ ਦੌਰਾਨ ਭਾਰਤ ਵਿੱਚ ਹਰ ਪਾਸੇ ਬਹੁਤ ਜੁyਲਮ ਕੀਤੇੇ। ਉਸ ਦੇ ਹੁਕਮ ਨਾਲ ਦੇਸ਼ ਅੰਦਰ ਧਾਰਮਿਕ ਕੱਟੜਤਾ ਦੀ ਲਹਿਰ ਚਲਾਈ ਗਈ ਜਿਸ ਤਹਿਤ ਹਿੰਦੂ ਲੋਕਾਂ ਨੂੰ ਸਰਕਾਰੀ ਨੌਕਰੀਆਂ ਤੋਂ ਕੱਢਿਆ ਜਾਣ ਲੱਗਿਆ। ਔਰੰਗਜ਼ੇਬ ਨੇ 1674 ਈ. ਵਿੱਚ ਫੈਸਲਾ ਕੀਤਾ ਕਿ ਗੈਰਮੁਸਲਮਾਨਾਂ ਨੂੰ ਮੁਸਲਮਾਨ ਬਣਾਇਆ ਜਾਵੇ ਅਤੇ ਉਸ ਨੇ ਇਸ ਲਈ ਸਭ ਤੋਂ ਪਹਿਲਾਂ ਕਸ਼ਮੀਰ ਨੂੰ ਚੁਣਿਆ ਜਾਵੇ ਕਿਉਂਕਿ ਉਹ ਸੋਚਦਾ ਸੀ ਕਿ ਕਸ਼ਮੀਰ ਦੇ ਪੰਡਿਤ ਬਹੁਤ ਵਿਦਵਾਨ ਹਨ। ਇਸ ਲਈ ਜੇਕਰ ਉਹ ਇਸਲਾਮ ਧਰਮ ਅਪਣਾ ਲੈਣਗੇ ਤਾਂ ਬਾਕੀ ਦੇ ਆਮ ਲੋਕ ਵੀ ਉਨ੍ਹਾਂ ਵੱਲ ਵੇਖ ਕੇ ਅਸਾਨੀ ਨਾਲ ਆਪਣਾ ਧਰਮ ਬਦਲ ਲੈਣਗੇ।

ਕਸ਼ਮੀਰੀ ਪੰਡਿਤ ਔਰੰਗਜ਼ੇਬ ਦੇ ਅੱਤਿਆਚਾਰਾਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਹੇਠ ਕੁੱਝ ਕਸ਼ਮੀਰੀ ਪੰਡਿਤ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਅਤੇ 25 ਮਈ 1675 ਈ. ਨੂੰ ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਮੁਲਾਕਾਤ ਕੀਤੀ । ਉਨ੍ਹਾਂ ਦੀ ਵਿਥਿਆ ਗੁਰੂ ਜੀ ਨੇ ਗੌਰ ਅਤੇ ਹਮਦਰਦੀ ਨਾਲ ਸੁਣ ਕੇ ਕਸ਼ਮੀਰੀ ਪੰਡਿਤਾਂ ਨੂੰ ਸੋਚ ਵਿਚਾਰ ਕਰਨ ਉਪਰੰਤ ਬਚਨ ਕੀਤਾ ਕਿ ਇਹ ਸੰਕਟ ਤਾਂ ਟਲ ਸਕਦਾ ਹੈ, ਜੇਕਰ ਕੋਈ ਮਹਾਨ ਵਿਅਕਤੀ ਆਪਣਾ ਬਲੀਦਾਨ ਦੇਵੇ ।

ਸ੍ਰੀ ਗੋਬਿੰਦ ਰਾਇ ਜੀ ਨੇ ਕਿਹਾ ਕਿ ਪਿਤਾ ਜੀ ਤੁਹਾਡੇ ਤੋਂ ਮਹਾਨ ਵਿਅਕਤੀ ਹੋਰ ਕੌਣ ਹੋ ਸਕਦਾ ਹੈ

ਇਹ ਸੁਣ ਕੇ ਪਾਸ ਬੈਠੇ ਬਾਲ ਸ੍ਰੀ ਗੋਬਿੰਦ ਰਾਇ ਜੀ ਨੇ ਕਿਹਾ ਕਿ ਪਿਤਾ ਜੀ ਤੁਹਾਡੇ ਤੋਂ ਮਹਾਨ ਵਿਅਕਤੀ ਹੋਰ ਕੌਣ ਹੋ ਸਕਦਾ ਹੈ ੌ ਇਹ ਸੁਣ ਕੇ ਗੁਰੂ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਤੁਸੀਂ ਬਾਦਸ਼ਾਹ ਨੂੰ ਸੁਨੇਹਾ ਭੇਜੋ ਕਿ ਗੁਰੂ ਤੇਗ ਬਹਾਦਰ ਸਾਡੇ ਧਾਰਮਿਕ ਰਹਿਬਰ ਹਨ। ਜੇਕਰ ਉਹ ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਸਾਰੇ ਹੀ ਇਸਲਾਮ ਕਬੂਲ ਕਰ ਲਵਾਂਗੇ। ਇਸ ਤਰ੍ਹਾਂ ਗੁਰੂ ਜੀ ਨੇ ਔਰੰਗਜ਼ੇਬ ਦੇ ਜੁyਲਮ ਨਾਲ ਟੱਕਰ ਲਈ।

ਜਦੋਂ ਔਰੰਗਜੇਬ ਨੂੰ ਇਹ ਸੰਦੇਸ਼ ਮਿਲਿਆ ਤਾਂ ਉਸ ਵੱਲੋਂ ਗੁਰੂ ਜੀ ਨੂੰ ਦਿੱਲੀ ਵਿਖੇ ਬੁਲਾਇਆ ਗਿਆ ਫਿਰ ਗੁਰੂ ਜੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਣ ਵੇਲੇ ਸੰਗਤਾਂ ਨੂੰ ਬਚਨ ਕੀਤਾ ਕਿ ਸਾਡੇ ਤੋਂ ਬਾਅਦ ਗੁਰਿਆਈ ਦੀ ਜਿੰyਮੇਵਾਰੀ ਗੋਬਿੰਦ ਰਾਇ ਜੀ ਸੰਭਾਲਣਗੇ ਮਿਤੀ 11 ਜੁਲਾਈ 1675 ਈ. ਨੂੰ ਗੁਰੂ ਜੀ ਪੰਜ ਸਿੱਖਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਏ।

ਉਸ ਸਮੇਂ ਭਾਵੇਂ ਔਰੰਗਜੇਬ ਦਿੱਲੀ ਵਿੱਚ ਨਹੀਂ ਸੀ, ਪਰ ਉਸ ਦੇ ਹੁਕਮ ਨਾਲ ਹੀ ਸਭ ਕੁੱਝ ਹੋ ਰਿਹਾ ਸੀ। ਔਰੰਗਜੇyਬ ਦੇ ਭੇਜੇ ਹੁਕਮ ਅਨੁਸਾਰ ਸਥਾਨਕ ਹਾਕਮਾਂ ਨੇ ਗੁਰੂ ਜੀ ਅੱਗੇ ਤਿੰਨ ਸ਼ਰਤਾਂ ਰੱਖੀਆਂ ਕਿ ੌ ਇਸਲਾਮ ਕਬੂਲ ਕਰੋ, ਕਰਾਮਾਤ ਵਿਖਾਓ ਜਾਂ ਮੌਤ ਕਬੂਲ ਕਰੋ ੌ । ਗੁਰੂ ਜੀ ਨੇ ਉੱਤਰ ਦਿੱਤਾ ਕਿ ਸਾਡੇ ਲਈ ਆਪਣਾ ਧਰਮ ਪਿਆਰਾ ਹੈ, ਕਰਾਮਾਤ ਕਹਿਰ ਦਾ ਨਾਂ ਹੈ, ਇਹ ਅਸਾਂ ਦਿਖਾਉਣੀ ਨਹੀਂ, ਕਿਉਂਕਿ ਇਹ ਗੁਰੂ ਆਸ਼ੇ ਦੇ ਉਲਟ ਹੈ ਅਤੇ ਤੀਸਰੀ ਰਹੀ ਮੌਤ ਦੀ ਗੱਲ, ਇਸ ਨੂੰ ਅਸੀਂ ਪ੍ਰਵਾਨ ਕਰਦੇ ਹਾਂ।

ਸਤਿਗੁਰਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ

ਇਹ ਸੁਣ ਕੇ ਸਤਿਗੁਰਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਦਿੱਲੀ ਦੇ ਚਾਂਦਨੀ ਚੌਂਕ ਵਿੱਚ ਇਹ ਵਰਤਾਰਾ ਵੇਖਣ ਵਾਲਿਆਂ ਦੀ ਭੀੜ ਲੱਗ ਗਈ। ਗੁਰੂ ਜੀ ਨੂੰ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰਨ ਲਈ ਮਾਨਸਿਕ ਤੌਰ ਤੇ ਡਰਾਉਣ ਧਮਕਾਉਣ ਦੇ ਨਾਲ ਨਾਲ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਪਿਆਰੇ ਤਿੰਨ ਸਿੱਖਾਂ ਨੂੰ ਅਸਹਿ ਅਤੇ ਅਕਹਿ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਜੋ ਗੁਰੂ ਸਾਹਿਬ ਤਸੀਹਿਆਂ ਤੋਂ ਡਰ ਕੇ ਈਨ ਮੰਨ ਲੈਣ ਅਤੇ ਮੁਸਲਮਾਨ ਧਰਮ ਕਬੂਲ ਲੈਣ। ਇਸ ਤਹਿਤ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਆਰੇ ਨਾਲ ਚੀਰਿਆ ਗਿਆ ਫਿਰ ਭਾਈ ਸਤੀ ਦਾਸ ਜੀ ਨੂੰ ਜਿਉਂਦੇ ਜੀਅ ਰੂੰ ਵਿੱਚ ਲਪੇਟ ਕੇ ਅੱਗ ਲਾ ਕੇ ਸਾੜਿਆ ਗਿਆ।

ਇਹਨਾਂ ਤੋਂ ਬਾਅਦ ਭਾਈ ਦਿਆਲਾ ਜੀ ਲੂੰ ਪਾਣੀ ਦੀ ਉਬਲਦੀ ਦੇਗ ਵਿੱਚ ਬਿਠਾ ਕੇ ਉਬਾਲਿਆ ਗਿਆ। ਗੁਰੂ ਜੀ ਦੇ ਤਿੰਨ ਪਿਆਰੇ ਸਿੱਖ, ਆਪਣਾ ਸਿੱਖੀ ਸਿਦਕ ਨਿਭਾਉਂਦੇ ਹੋਏ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਇਨ੍ਹਾਂ ਤਿੰਨਾਂ ਸਿੱਖਾਂ ਦੀ ਸ਼ਹੀਦੀ ਤੋਂ ਬਾਅਦ ਗੁਰੂ ਜੀ ਨੂੰ ਆਪਣਾ ਫੈਸਲਾ ਬਦਲਣ ਲਈ ਮਜ਼ਬੂਰ ਕੀਤਾ ਗਿਆ ਪਰ ਗੁਰੂ ਜੀ ਨੇ ਸ਼ਹੀਦੀ ਨੂੰ ਪ੍ਰਵਾਨ ਕੀਤਾ ਨਵੰਬਰ 1675 ਈ. ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਲਾਦ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਤਲਵਾਰ ਨਾਲ ਧੜ ਤੋਂ ਵੱਖ ਕਰਨ ਦਾ ਕਹਿਰ ਕਮਾਇਆ। ਹੁਣ ਇਸ ਸਥਾਨ ਉੱਤੇ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ। ਗੁਰੂ ਜੀ ਨੇ ਆਪਣੀ ਸ਼ਹਾਦਤ ਦੇ ਕੇ ਮੁਗਲ ਹਕੂਮਤ ਦੁਆਰਾ ਭਾਰਤ ਦੇ ਗਲ ਪਾਈਆਂ ਗੁਲਾਮੀ ਦੀਆਂ ਜੰਜੀਰਾਂ ਸਦਾਂ ਲਈ ਤੋੜਣ ਦਾ ਐਲਾਨ ਕਰ ਦਿੱਤਾ।

ਭਾਈ ਜੈਤਾ ਜੀ ਨੇ ਬਹੁਤ ਹੀ ਫੁਰਤੀ ਅਤੇ ਨਿਡਰਤਾ ਨਾਲ ਹਾਕਮਾਂ ਨੂੰ ਬਿਨਾਂ ਪਤਾ ਲੱਗਣ ਦਿੱਤੇ ਸਤਿਗੁਰਾਂ ਦਾ ਸੀਸ ਉਠਾ ਲਿਆ

ਗੁਰੂ ਜੀ ਦੀ ਸ਼ਹੀਦੀ ਉਪਰੰਤ ਭਾਈ ਜੈਤਾ ਜੀ ਨੇ ਬਹੁਤ ਹੀ ਫੁਰਤੀ ਅਤੇ ਨਿਡਰਤਾ ਨਾਲ ਹਾਕਮਾਂ ਨੂੰ ਬਿਨਾਂ ਪਤਾ ਲੱਗਣ ਦਿੱਤੇ ਸਤਿਗੁਰਾਂ ਦਾ ਸੀਸ ਉਠਾ ਲਿਆ। ਇਸ ਨਿਰਭੈ ਸੂਰਮੇ ਨੇ ਜ਼ਾਲਮ ਹਕੂਮਤ ਦੀ ਪ੍ਰਵਾਹ ਨਹੀਂ ਕੀਤੀ ਅਤੇ ਦਿਨ ਰਾਤ ਚੱਲਦਾ ਹੋਇਆ ਸੀਸ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚ ਗਿਆ, ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਗਲ਼ ਨਾਲ ਲਾਇਆ ਅਤੇ ਪਿਆਰ ਨਾਲ ਬਚਨ ਕਹੈ, ੋ ਰੰਘਰੇਟੇ ਗੁਰ ਕੇ ਬੇਟੇ ੋ। ਜਿੱਥੇ ਨੌਵੇਂ ਪਾਤਸ਼ਾਹ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ, ਉੱਥੇ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸੀਸ ਗੰਜ ਸਾਹਿਬ ਸੁਸੋyਭਿਤ ਹੈ।

ਸਤਿਗੁਰਾਂ ਦੇ ਧੜ ਨੂੰ ਸੰਭਾਲਣ ਦੀ ਸੇਵਾ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਨਿਭਾਈ। ਉਹ ਸਮਾਂ ਦੇਖ ਕੇ ਸਤਿਗੁਰਾਂ ਦਾ ਧੜ ਉਠਾ ਕੇ ਘਰ ਲੈ ਆਏ। ਉਨ੍ਹਾਂ ਨੇ ਆਪਣੇ ਘਰ ਵਿੱਚ ਹੀ ਚਿਖਾ ਤਿਆਰ ਕਰਕੇ ਸਤਿਕਾਰ ਨਾਲ ਸਤਿਗੁਰਾਂ ਦੀ ਦੇਹ ਰੱਖ ਅਤੇ ਘਰ ਨੂੰ ਹੀ ਅੱਗ ਲਗਾ ਦਿੱਤੀ। ਜਿੱਥੇ ਗੁਰੂ ਜੀ ਦੇ ਸਰੀਰ ਦਾ ਸਸਕਾਰ ਹੋਇਆ, ਇੱਥੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ (ਦਿੱਲੀ) ਸੁਸ਼ੋਭਿਤ ਹੈ।

ਆਪਣਾ ਬਲੀਦਾਨ ਦੇ ਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਿਰਫ ਹਿੰਦੂ ਧਰਮ ਦੇ ਤਿਲਕ ਤੇ ਜੰਞੂ ਨੂੰ ਹੀ ਨਹੀਂ ਬਚਾਇਆ, ਸਗੋਂ ਸਾਰੀ ਮਨੁੱਖਤਾ ਦੀ ਧਾਰਮਿਕ ਸੁਤੰਤਰਤਾ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਦੀ ਅਵਾਜ਼ ਬੁਲੰਦ ਕੀਤੀ । ਕਲਯੁੱਗ ਵਿੱਚ ਸ਼ਹੀਦੀ ਪਾ ਕੇ ਸਤਿਗੁਰਾਂ ਨੇ ਬਹੁਤ ਵੱਡਾ ਸਾਕਾ ਕਰ ਵਿਖਾਇਆ।

ਸ਼ਰਨ ਵਿੱਚ ਆਇਆਂ ਲਈ ਭਲਾਈ ਕਰਦਿਆਂ ਆਪਣਾ ਸੀਸ ਕੁਰਬਾਨ ਕਰ ਦਿੱਤਾ

ਸ਼ਰਨ ਵਿੱਚ ਆਇਆਂ ਲਈ ਭਲਾਈ ਕਰਦਿਆਂ ਆਪਣਾ ਸੀਸ ਕੁਰਬਾਨ ਕਰ ਦਿੱਤਾ, ਪਰ ਮੁੱਖ ਤੋਂ ੋ ਸੀ ੋ ਤੱਕ ਨਾ ਉਚਾਰੀ ਧਰਮ ਦੀ ਰੱਖਿਆ ਲਈ ਇਹ ਮਹਾਨ ਸਾਕਾ ਕੀਤਾ। ਸਤਿਗੁਰਾਂ ਨੇ ਆਪਣਾ ਸੀਸ ਤਾਂ ਵਾਰ ਦਿੱਤਾ, ਪਰ ਸਿਦਕ ਨਾ ਹਾਰਿਆ। ਇਸ ਮਹਾਨ ਕੁਰਬਾਨੀ ਦੇ ਸਦਕਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ੋ ਗੁਰੂ ਤੇਗ ਬਹਾਦਰ, ਹਿੰਦ ਦੀ ਚਾਦਰ ੋ ਵੀ ਕਿਹਾ ਜਾਂਦਾ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਸਬੰਧ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ ਵਿੱਚ ਫ਼ਰਮਾਉਂਦੇ ਹਨ:

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥

ਕੀਨੋ ਬਡੋ ਕਲੂ ਮਹਿ ਸਾਕਾ॥

ਸਾਧਨ ਹੇਤਿ ਇਤੀ ਜਿਨਿ ਕਰੀ॥

ਸੀਸੁ ਦੀਯਾ ਪਰੁ ਸੀ ਨ ਉਚਰੀ॥13॥

ਧਰਮ ਹੇਤ ਸਾਕਾ ਜਿਨਿ ਕੀਆ॥

ਸੀਸੁ ਦੀਆ ਪਰੁ ਸਿਰਰੁ ਨ ਦੀਆ॥

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 59 ਸ਼ਬਦ ਅਤੇ 57 ਸਲੋਕ ਉਚਾਰਨ ਕੀਤੇ ਹਨ। ਉਨ੍ਹਾਂ ਨੇ ਆਪਣੀ ਬਾਣੀ ਵਿੱਚ ਇਹ ਮਨੁੱਖਾ ਜੀਵਨ ਅਜਾਈਂ ਨਾ ਗੁਆਉਣ ਅਤੇ ਪ੍ਰਭੂ ਨਾਲ ਜੁੜ ਕੇ ਸਫ਼ਲ ਕਰਨ ਉੱਤੇ ਜ਼ੋਰ ਦਿੱਤਾ ਹੈ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ ਕਿ ਸਾਨੂੰ ਇੱਕ ਅਕਾਲ ਪੁਰਖ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ, ਕਦੇ ਵੀ ਜ਼ਾਲਮ ਦੇ ਜ਼ੁਲਮ ਅੱਗੇ ਝੁਕਣਾ ਨਹੀਂ ਚਾਹੀਦਾ ਅਤੇ ਮਨੁੱਖੀ ਅਧਿਕਾਰਾਂ ਅਤੇ ਕਦਰਾਂ ਕੀਮਤਾਂ ਦੀ ਰਾਖੀ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਵਿਨੋਦ ਫ਼ਕੀਰਾ, ਸਟੇਟ ਐਵਾਰਡੀ, ਲੇਖਕ ਪੰਜਾਬੀ ਭਾਸ਼ਾ ਵਿਭਾਗ,ਪਟਿਆਲਾ,ਪੰਜਾਬ ਅਤੇ ਪੰਜਾਬੀ ਸਾਹਿਤਕ ਅਕਦਮੀ, ਹਰਿਆਣਾ,ਪੰਚਕੂਲਾ,

ਵਿਨੋਦ ਕੁਮਾਰ ਵਾਲੀ ਗਲੀ।

ਆਰੀਆ ਨਗਰ, ਕਰਤਾਰਪੁਰ,

ਜਲੰਧਰ।

ਮੋ.098721 97326

 

Leave a Reply

Your email address will not be published.