“ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਆਫ (ਇੰਡੀਆ) ਪੰਜਾਬ” ਦਾ ਵਫ਼ਦ ਕੈਬਨਿਟ ਮੰਤਰੀ ਜ਼ਿੰਪਾ ਨੂੰ ਮਿਲਿਆ

  • By admin
  • April 29, 2023
  • 0
ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ

• ਪੱਤਰਕਾਰਾਂ ਦੀ ਭਲਾਈ ਅਤੇ ਸਮਾਜਿਕ ਸਾਰੋਕਾਰਾਂ ਨਾਲ ਸੰਬੰਧਿਤ 11 ਨੁਕਾਤੀ ਮੰਗ ਪੱਤਰ ਸੌਂਪਿਆ

ਹੁਸ਼ਿਆਰਪੁਰ, 29 ਅਪ੍ਰੈਲ (ਤਰਸੇਮ ਦੀਵਾਨਾ)- ਪੱਤਰਕਾਰਾਂ ਦੀ ਭਲਾਈ ਅਤੇ ਸਮਾਜਿਕ ਸਾਰੋਕਾਰਾਂ ਦੇ ਮੁੱਦਿਆਂ ਨੂੰ ਮੁੱਖ ਰੱਖਦਿਆਂ “ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਆਫ (ਇੰਡੀਆ) ਪੰਜਾਬ” ਦਾ ਵਫ਼ਦ ਪੰਜਾਬ ਪ੍ਰਧਾਨ ਬਲਵੀਰ ਸਿੰਘ ਸੈਣੀ ਦੀ ਅਗਵਾਈ ਹੇਠ ਬ੍ਰਹਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੂੰ ਮਿਲਿਆ ਅਤੇ ਉਨ੍ਹਾਂ ਨੂੰ 11 ਨੁਕਾਤੀ ਮੰਗ ਪੱਤਰ ਸੌਂਪਿਆ। ਇਸ ਵਫ਼ਦ ਵਿੱਚ ਤਰਸੇਮ ਦੀਵਾਨਾ ਜੁਆਇੰਟ ਸਕੱਤਰ ਇੰਡੀਆ, ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ, ਵਿਕਾਸ ਸੂਦ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ, ਓਪੀ ਰਾਣਾ ਜ਼ਿਲਾ ਜਨਰਲ ਸਕੱਤਰ ਆਦਿ ਹਾਜ਼ਿਰ ਸਨ।

ਪੱਤਰਕਾਰ ਜੱਥੇਬੰਦੀ ” ਵਲੋਂ ਦਿੱਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਵਿੱਚ ਪੱਤਰਕਾਰ ਭਾਈਚਾਰੇ, ਸਮਾਜ ਅਤੇ ਵਾਤਾਵਰਣ ਸੁਰੱਖਿਆ ਸ਼ਾਮਿਲ ਸਨ। ਪੱਤਰਕਾਰਾਂ ਲਈ ਜਿਲ੍ਹਾ ਪੱਧਰ ਤੇ ਪ੍ਰੈਸ ਕਾਨਫਰੰਸਾਂ ਅਤੇ ਦਫਤਰੀ ਕੰਮ ਕਰਨ ਲਈ ਦਫਤਰ ਲਈ ਢੁੱਕਵੀਂ ਜਗ੍ਹਾ ਮੁਹੱਈਆ ਕਰਵਾਉਣ, ਸੂਬੇ ਭਰ ਵਿੱਚ ਲਾਡੋਵਾਲ ਟੋਲ ਪਲਾਜ਼ਾ ਸਮੇਤ ਸਮੂੰਹ ਨੈਸ਼ਨਲ ਹਾਈਵੇ ਤੇ ਲੱਗੇ ਟੋਲ ਪਲਾਜਿਆਂ ਤੇ ਪੱਤਰਕਾਰ ਭਾਈਚਾਰੇ ਨੂੰ ਟੋਲ ਮੁਆਫ ਕਰਵਾਉਣ, ਪੱਤਰਕਾਰਾਂ ਤੇ ਗਲਤ ਕੇਸ ਦਰਜ ਹੋਣ ਕਾਰਨ ਪੀਲ਼ੇ ਕਾਰਡ ਅਤੇ ਹੋਰ ਸਹੂਲਤਾਂ ਮਾਣਯੋਗ ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੱਕ ਰੱਦ ਨਾ ਕੀਤੇ ਜਾਣ।

ਪੱਤਰਕਾਰ ਖਿਲਾਫ ਪਰਚਾ ਕਰਨ ਤੋਂ ਪਹਿਲਾਂ ਇਸ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਕਮੇਟੀ ਬਣਾਈ ਜਾਵੇ ਜਿਸ ਵਿੱਚ ਡਿਪਟੀ ਕਮਿਸ਼ਨਰ ਦੇ ਨਾਲ ਐਸ.ਪੀ. ਰੈਂਕ ਦੇ ਅਧਿਕਾਰੀ ਅਤੇ ਸਥਾਨਕ ਡੀ.ਪੀ.ਆਰ.ਓ. ਨੂੰ ਵੀ ਮੈਂਬਰ ਲਿਆ ਜਾਵੇ,ਵੱਖ ਵੱਖ ਵਿਭਾਗਾਂ ਦੇ ਮੁਲਾਜਮਾਂ ਅਤੇ ਸਮਾਜ ਸੇਵੀਆਂ ਵਾਂਗ 15 ਅਗਸਤ ਅਤੇ 26 ਜਨਵਰੀ ਨੂੰ ਜਿਲ੍ਹੇ ਵਿੱਚ ਲੋਕ ਹਿੱਤਾਂ ਲਈ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਪੱਤਰਕਾਰਾਂ ਨੂੰ ਵੀ ਹਰ ਸਾਲ ਸਨਮਾਨਿਤ ਕੀਤਾ ਜਾਵੇ ਅਤੇ ਪੱਤਰਕਾਰਾਂ ਦੀਆਂ ਰਜਿ. ਸੰਸਥਾਵਾਂ ਦੇ ਪੈਨਲ ਰਾਹੀਂ ਪੱਤਰਕਾਰਾਂ ਦੀ ਚੋਣ ਕੀਤੀ ਜਾਵੇ।

ਸ਼ਹਿਰ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਵੀ ਉਠਾਈਆਂ

ਇਸ ਤੋਂ ਇਲਾਵਾ ਹੁਸ਼ਿਆਰਪੁਰ ਸ਼ਹਿਰ ਨਾਲ ਸੰਬੰਧਿਤ ਮੰਗਾਂ ਵਿੱਚ ਲੋਕਾਂ ਦੀ ਜਾਨ ਦਾ ਖੌਅ ਬਣ ਚੁੱਕੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਤੋਂ ਭਰਵਾਈ ਰੋਡ ਵਾਇਆ ਨਲੋਈਆਂ ਚੌਕ ਦੀ ਬਦਤਰ ਹਾਲਤ ਨੂੰ ਪਹਿਲ ਦੇ ਅਧਾਰ ਤੇ ਸੁਧਾਰਨ, ਖਾਸ ਕਰਕੇ ਭੰਗੀ ਚੋਅ ਪੁਲ ਦੇ ਆਸਪਾਸ ਮੌਤ ਦਾ ਖੂਹ ਬਣ ਚੁੱਕੀ ਸੜਕ ਨੂੰ ਤੁਰੰਤ ਬਣਾ ਕੇ ਲੋਕਾਂ ਦੀ ਜਾਨਮਾਲ ਦੀ ਹਿਫਾਜਤ ਕਰਨੀ ਯਕੀਨੀ ਬਣਾਉਣ, ਭੰਗੀ ਚੋਅ ਤੋਂ ਲੈ ਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਤੋਂ ਅੱਗੇ ਵਾਇਆ ਪ੍ਰਭਾਤ ਚੌਕ, ਪਿੱਪਲਾਂਵਾਲਾ ਤੱਕ ਜਲੰਧਰ ਰੋਡ ਦੇ ਦੋਨੋਂ ਪਾਸੇ ਬਣਾਏ ਡਰੇਨੇਜ ਨੂੰ ਡੰਪ ਵਜੋਂ ਵਰਤਣ ਅਤੇ ਸਰਵਿਸ ਲੇਨ ਨੂੰ ਆਪਣੇ ਕਾਰੋਬਾਰ ਲਈ ਨਜਾਇਜ ਕਬਜਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਪ੍ਰਸ਼ਾਸਕੀ ਕਾਰਵਾਈ ਕੀਤੀ ਜਾਵੇ ਤਾਂ ਜੋ ਬਰਸਾਤੀ ਮੌਸਮ ਵਿੱਚ ਡ੍ਰੇਨੇਜ਼ ਪਾਣੀ ਨਿਕਾਸੀ ਦਾ ਪੂਰਾ ਕੰਮ ਕਰ ਸਕੇ।

ਪਾਣੀ ਦੇ ਡਿੱਗਦੇ ਪੱਧਰ ਅਤੇ ਪਾਣੀ ਦੀ ਮਹੱਤਤਾ ਨੂੰ ਸਮਝਦਿਆਂ ਸ਼ਹਿਰ ਵਾਸੀਆਂ ਵਲੋਂ ਕੀਤੀ ਜਾ ਰਹੀਂ ਬਰਬਾਦੀ ਤੇ ਤੁਰੰਤ ਰੋਕ ਲਾ ਕੇ ਬਣਦੀ ਸਖਤ ਕਾਰਵਾਈ ਯਕੀਨੀ ਬਣਾਈ ਜਾਵੇ ਅਤੇ ਕਾਰਵਾਈ ਨਾ ਕਰਨ ਵਾਲੇ ਅਧਿਕਾਰੀ ਦੀ ਜਵਾਬਦੇਹੀ ਤੈਅ ਕਰਨ, ਸ਼ਹਿਰਾਂ ਅਤੇ ਪਿੰਡਾਂ ਵਿੱਚ ਲੋਕਾਂ ਵਲੋਂ ਆਪਣੇ ਘਰਾਂ ਦੇ ਗੇਟਾਂ ਅੱਗੇ ਬਣਾਏ ਜਾਂਦੇ ਉੱਚੇ ਉੱਚੇ ਰੈਪਾਂ ਨੂੰ ਸਰਕਾਰੀ ਜਮੀਨ ਤੇ ਨਜਾਇਜ ਕਬਜਾ ਕਰਾਰ ਦੇ ਕੇ ਪੰਚਾਇਤੀ ਜਮੀਨਾਂ ਦੀ ਤਰਜ ਤੇ ਗਲੀਆਂ/ਸੜਕਾਂ ਨੂੰ ਮੁਕਤ ਕਰਾਏ ਜਾਣ ਤਾਂ ਜੋ ਲੋਕਾਂ ਵਿੱਚ ਹੁੰਦੇ ਲੜਾਈ ਝਗੜਿਆਂ ਨੂੰ ਠੱਲ ਪਾਈ ਜਾ ਸਕੇ।

ਖੇਤਾਂ ਅਤੇ ਸੜਕਾਂ ਦੇ ਕਿਨਾਰਿਆਂ ਤੇ ਅੱਗਾਂ ਲਾ ਕੇ ਪੌਦਿਆਂ ਨੂੰ ਸਾੜਨ ਤੇ ਵਾਤਾਵਰਣ ਨੂੰ ਮਲੀਨ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਸੜਕਾਂ ਦੇ ਕਿਨਾਰਿਆਂ ਤੇ ਕੀਤੇ ਜਾ ਰਹੇ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ਿਆਂ ਅਤੇ ਰੇਹੜੀਆਂ ਕਾਰਨ ਟਰੈਫਿਕ ਵਿੱਚ ਪੈ ਰਹੇ ਵਿਘਨ ਨੂੰ ਤੁਰੰਤ ਰੋਕੇ ਜਾਣ ਦੀਆਂ ਮੰਗਾਂ ਸ਼ਾਮਿਲ ਹਨ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ “ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ (ਇੰਡੀਆ)” ਵੱਲੋੰ ਉਠਾਏ ਨੁਕਤਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਆਪਣੇ ਵੱਲੋੰ ਹਰ ਸੰਭਵ ਉਪਰਾਲਾ ਕਰਨ ਦਾ ਪੂਰਨ ਵਿਸ਼ਵਾਸ਼ ਦਿਵਾਉੰਦਿਆਂ ਕਿਹਾ ਕਿ ਉਹ ਖੁਦ ਵੀ ਇਨ੍ਹਾਂ ਨੁਕਤਿਆਂ ਨਾਲ ਪੂਰਾ ਇਤਫ਼ਾਕ ਰੱਖਦੇ ਹਨ। ਪੰਜਾਬ ਪੱਧਰ ਦੇ ਮੁੱਦਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਕੋਲ਼ ਉਠਾ ਕੇ ਪੱਤਰਕਾਰਾਂ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਸਥਾਨਕ ਮੁੱਦਿਆਂ ਨੂੰ ਵੀ ਉਨ੍ਹਾਂ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *